ਪੱਤਰ ਪ੍ਰੇਰਕ
ਮਾਨਸਾ, 9 ਦਸੰਬਰ
ਵਧੀਕ ਜ਼ਿਲ੍ਹਾ ਮੈਜਿਸਟਰੇਟ ਅਜੇ ਅਰੋੜਾ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਨਿਰਧਾਰਤ ਕੀਤੇ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਵੱਲੋਂ ਜਾਰੀ ਪੱਤਰ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਦਸੰਬਰ-2021 ਦੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ੍ਰੇਣੀ ਦੀਆਂ ਪ੍ਰੀਖਿਆਵਾਂ 13 ਤੋਂ 22 ਦਸੰਬਰ ਤੱਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਹ ਹੁਕਮ 13 ਦਸੰਬਰ ਤੋਂ 22 ਦਸੰਬਰ 2021 ਤੱਕ ਲਾਗੂ ਰਹਿਣਗੇ।
ਮਹਿਲਾ ਸਿਪਾਹੀ ਦੀ ਪ੍ਰੀਖਿਆ ਸਬੰਧੀ ਹਦਾਇਤਾਂ ਜਾਰੀ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੂਲਾ ਵੱਲੋਂ ਮਹਿਲਾ ਕਾਂਸਟੇਬਲ (ਐੱਚਪੀਏ ਦੁਰਗਾ-1) ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਾਗੂ ਕਰ ਦਿੱਤੀ ਹੈ। ਜ਼ਿਲ੍ਹਾ ਮੈਜਿਸਟੇਰਟ ਅਨੀਸ਼ ਯਾਦਵ ਵੱਲੋਂ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਆਗਾਮੀ 12 ਦਸੰਬਰ ਨੂੰ ਮਹਿਲਾ ਕਾਂਸਟੇਬਲ ਦੀ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ ਦੋ ਸੌ ਮੀਟਰ ਦੇ ਦਾਇਰੇ ’ਚ ਧਾਰਾ 144 ਲਾਗੂ ਕੀਤੀ ਗਈ ਹੈ। ਪ੍ਰੀਖਿਆ ਕੇਂਦਰਾਂ ਦੇ ਨੇੜੇ ਫੋਟੋਸਟੇਟ ਦੀਆਂ ਦੁਕਾਨਾਂ ਵੀ ਪ੍ਰੀਖਿਆ ਦੌਰਾਨ ਬੰਦ ਰਹਿਣਗੀਆਂ। ਧਾਰਾ 144 ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।