ਮਨੋਜ ਸ਼ਰਮਾ
ਬਠਿੰਡਾ,18 ਅਪਰੈਲ
ਇੱਥੇ ਹੋਟਲ ’ਚ ਠਹਿਰੇ ਦੋ ਨੌਜਵਾਨਾਂ ਨੂੰ ਅਗਵਾ ਕਰਕੇ 42 ਲੱਖ ਰੁਪਏ ਦੀ ਨਕਦੀ ਖੋਹਣ ਵਾਲਾ ਸ਼ਖ਼ਸ ਪੰਜਾਬ ਪੁਲੀਸ ਦਾ ਮੁਅੱਤਲਸ਼ੁਦਾ ਥਾਣੇਦਾਰ ਨਿੱਕਲਿਆ। ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪੁਲੀਸ ਦੀ ਵਰਦੀ ਪੁਆ ਕੇ ਆਪਣੇ ਪੁੱਤ ਦਾ ਸਹਾਰਾ ਲਿਆ। 16 ਅਪਰੈਲ ਨੂੰ ਇਹ ਘਟਨਾ ਇਥੇ ਹੋਟਲ ’ਚ ਠਹਿਰੇ ਦੋ ਨੌਜਵਾਨਾਂ ਨਾਲ ਵਾਪਰੀ ਸੀ। ਦੋ ਨੌਜਵਾਨਾਂ ਨੇ ਰਾਜਸਥਾਨ ਦੇ ਸ਼ਹਿਰ ਜੈਪੁਰ ਤੋਂ ਕੈਨੇਡਾ ਲਈ ਹਵਾਈ ਉਡਾਣ ਲੈਣੀ ਸੀ। ਅੰਮ੍ਰਿਤਸਰ ਦੇ ਇਕ ਟਰੈਵਲ ਏਜੰਟ ਨੇ ਜਹਾਜ਼ ਚੜ੍ਹਨ ਵੇਲੇ ਦੋਵਾਂ ਤੋਂ 42 ਲੱਖ ਰੁਪਏ ਲੈਣ ਦਾ ਇਕਰਾਰ ਕੀਤਾ ਸੀ। ਹੋਟਲ ’ਚ ਠਹਿਰੇ ਨੌਜਵਾਨ ਏਜੰਟ ਨੂੰ ਦੇਣ ਲਈ ਨਕਦੀ ਨਾਲ ਲਿਆਏ ਸਨ ਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਵਿਦੇਸ਼ ਉਡਾਰੀ ਸੀ। ਇਹ ਨੌਜਵਾਨ ਪਟਿਆਲਾ ਵਾਸੀ ਦੱਸੇ ਗਏ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ’ਚ ਤਾਇਨਾਤ ਪੰਜਾਬ ਪੁਲੀਸ ਦੇ ਏਐਸਆਈ ਨੇ ਆਪਣੇ ਪੁੱਤਰ ਨੂੰ ਵੀ ਪੁਲੀਸ ਵਰਦੀ ਪਹਿਨਾਈ ਤੇ ਦੋਵਾਂ ਨੇ ਰਲ ਕੇ ਇਸ ਖੋਹ ਨੂੰ ਅੰਜ਼ਾਮ ਦਿੱਤਾ। ਮਾਮਲੇ ਸਬੰਧੀ ਪੁਲੀਸ ਦੇ ਹੱਥ ਕਈ ਸੁਰਾਗ ਲੱਗੇ ਹਨ ਤੇ ਉਸ ਨੇ ਥਾਣੇਦਾਰ ਤੇ ਉਸ ਦੇ ਫ਼ਰਜ਼ੰਦ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।