ਸ਼ਗਨ ਕਟਾਰੀਆ
ਜੈਤੋ, 11 ਅਕਤੂਬਰ
ਜੈਤੋ ਖੇਤਰ ’ਚ ਦੋ ਕਿਸਾਨ ਧਰਨਿਆਂ ’ਚੋਂ ਇਕ ਵਿਚ ਸੰਗੀਤ ਜਗਤ ਦੀਆਂ ਹਸਤੀਆਂ ਪੁੱਜੀਆਂ ਅਤੇ ਦੂਜੇ ਵਿਚ ਰੰਗਕਰਮੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਗਾਇਕਾਂ ਨੇ ਕਿਸਾਨੀ ਦੇ ਦਰਦ ਨੂੰ ਗੀਤਾਂ ਰਾਹੀਂ ਪੇਸ਼ ਕੀਤਾ।
ਪਿੰਡ ਰੋਮਾਣਾ ਅਲਬੇਲ ਸਿੰਘ ਵਿਚ ਰੇਲ ਪਟੜੀ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਕੋਲ ਨਿਰਦੇਸ਼ਕ ਹਰਕੇਸ਼ ਚੌਧਰੀ ਮੁੱਲਾਂਪੁਰ ਦੀ ਟੀਮ ਪੁੱਜੀ ਤੇ ਰੰਗਕਰਮੀਆਂ ਨੇ ਕਿਸਾਨੀ ਘੋਲ ’ਚ ਯੋਗਦਾਨ ਪਾਉਂਦਿਆਂ ਨਾਟਕ ‘ਉੱਠਣ ਦਾ ਵੇਲਾ’ ਅਤੇ ਕੋਰੀਓਗ੍ਰ੍ਰਾਫ਼ੀਆਂ ਪੇਸ਼ ਕੀਤੀਆਂ। ਇੱਥੇ ਇਨਕਲਾਬੀ ਗੀਤਾਂ ਦਾ ਪ੍ਰਵਾਹ ਵੀ ਚੱਲਦਾ ਰਿਹਾ। ਇਸ ਦੌਰਾਨ 11 ਅਕਤੂਬਰ, 2010 ਨੂੰ ਇਕ ਗ਼ਰੀਬ ਕਿਸਾਨ ਦੀ ਜ਼ਮੀਨ ਨੂੰ ਕੁਰਕੀ ਤੋਂ ਬਚਾਉਂਦਿਆਂ ਜ਼ਿੰਦਗੀ ਦਾਅ ’ਤੇ ਲਾ ਗਏ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਇਕੱਠ ਨੂੰ ਕਿਸਾਨ ਆਗੂ ਸੁਖਵਿੰਦਰ ਸੁੱਖੀ ਰੋੜੀਕਪੂਰਾ, ਇੰਦਰਜੀਤ ਚੰਦਭਾਨ, ਲਖਵਿੰਦਰ ਸਿੰਘ ਢੈਪਈ, ਜਸਵੰਤ ਬਿੱਟੂ ਅਤੇ ਧਰਮਪਾਲ ਸਿੰਘ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਜੈਤੋ ਰੇਲ ਪਟੜੀ ’ਤੇ ਮੋਰਚੇ ਲਾਈ ਬੈਠੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ (ਸਿੱਧੂਪੁਰ), ਪੰਜਾਬ ਕਿਸਾਨ ਯੂਨੀਅਨ, ਭਾਕਿਯੂ (ਕ੍ਰਾਂਤੀਕਾਰੀ) ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜੁਝਾਰੂ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਲਈ ਗਾਇਕ ਗੁਰਵਿੰਦਰ ਬਰਾੜ ਅਤੇ ਬਲਕਾਰ ਅਣਖ਼ੀਲਾ ਪਹੁੰਚੇ। ਉਨ੍ਹਾਂ ਪੰਜਾਬ ਦੀ ਜਵਾਨੀ ਅਤੇ ਕਿਸਾਨੀ ’ਤੇ ਹੋ ਰਹੇ ਹਮਲਿਆਂ ਲਈ ਪੰਜਾਬੀਆਂ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਉਹ ਫ਼ਨਕਾਰ ਬਾਅਦ ’ਚ ਪਰ ਪੰਜਾਬ ਦੇ ਜਾਏ ਪਹਿਲਾਂ ਹਨ ਅਤੇ ਕਿਸਾਨਾਂ ’ਤੇ ਪਈ ਮੁਸੀਬਤ ’ਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਹਰਭਜਨ ਮਾਨ ਵੱਲੋਂ ਕਿਸਾਨਾਂ ਨੂੰ ਪਿੱਛੇ ਨਾ ਹਟਣ ਦਾ ਸੁਨੇਹਾ
ਪਟਿਆਲਾ (ਖੇਤਰੀ ਪ੍ਰਤੀਨਿਧ): ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪਟਿਆਲਾ ਨੇੜੇ ਕੌਮੀ ਮਾਰਗ ’ਤੇ ਧਰੇੜੀ ਜੱਟਾਂ ’ਚ ਜਾਰੀ ਦਿਨ ਰਾਤ ਦੇ ਧਰਨੇ ਦੌਰਾਨ ਸ਼ਨਿਚਰਵਾਰ ਰਾਤ ਨੂੰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਵੀ ਸ਼ਮੂਲੀਅਤ ਕੀਤੀ। ਗੀਤ ਅਤੇ ਟੱਪੇ ਪੇਸ਼ ਕਰਦਿਆਂ, ਮਾਨ ਨੇ ਜਿਥੇ ਅੰਨਦਾਤੇ ਦੀ ਹੋ ਰਹੀ ਮਾੜੀ ਹਾਲਤ ਦੀ ਬਾਤ ਪਾਈ, ਉੱਥੇ ਹੀ ‘ਬੰਦਨਾ ਹੈ ਸਾਡੀ ਤੈਨੂੰ ਯਮਲੇ ਜੱਟਾ, ਚੜ੍ਹ ਜਾ ਤੂੰ ਹੁਣ ਬਣ ਕੇ ਕਾਲ਼ੀ ਘਟਾ’ ਬੋਲਾਂ ’ਤੇ ਆਧਾਰਿਤ ਗੀਤ ਦੀਆਂ ਸੱਤਰਾਂ ਰਾਹੀਂ ਕਿਸਾਨਾਂ ਨੂੰ ਇਸ ਸੰਘਰਸ਼ ’ਚ ਹੁਣ ਪਿੱਛੇ ਨਾ ਹਟਣ ਦਾ ਵੀ ਸੁਨੇਹਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਫਿਲਮੀ ਅਦਾਕਾਰ ਦੀਪ ਸਿੱਧੂ ਦੀ ਭੂਮਿਕਾ ਦੀ ਆਲੋਚਨਾ ਕੀਤੀ।