ਨਵੀਂ ਦਿੱਲੀ: ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ 26 ਮਈ ਨੂੰ ‘ਭਾਰਤੀ ਲੋਕਤੰਤਰ ਲਈ ਕਾਲਾ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਸ ਦਿਨ ਲੋਕਾਂ ਨੂੰ ਕਾਲੇ ਬਿੱਲੇ ਅਤੇ ਕਾਲੇ ਝੰਡੇ ਲਾਉਣ ਲਈ ਕਿਹਾ ਹੈ ਤਾਂ ਕਿ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਪਾਇਆ ਜਾ ਸਕੇ। ਉਨ੍ਹਾਂ ਦੀਆਂ ਮੰਗਾਂ ਵਿੱਚ ਸਾਰਿਆਂ ਲਈ ਮੁਫ਼ਤ ਟੀਕਾਕਰਨ, ਗ਼ਰੀਬਾਂ ਲਈ ਹਰ ਮਹੀਨੇ ਮੁਫ਼ਤ ਰਾਸ਼ਨ ਤੇ 7500 ਰੁਪਏ, ਤਿੰਨ ਖੇਤੀ ਕਾਨੂੰਨ ਵਾਪਸ ਲੈਣਾ ਤੇ ਫ਼ਸਲਾਂ ਲਈ ਐੱਮਐੱਸਪੀ ਤੇ ਪਿਛਲੇ ਵਰ੍ਹੇ ਸੰਸਦ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡ ਵਾਪਸ ਲੈਣਾ ਸ਼ਾਮਲ ਹਨ। ਫੋਰਮ ਨੇ ਦੱਸਿਆ,‘ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦਿਨ ਸਾਲ 2014 ’ਚ ਅਤੇ 2019 ਵਿੱਚ 30 ਮਈ ਨੂੰ ਨਰਿੰਦਰ ਮੋਦੀ ਸਰਕਾਰ ਨੇ ਸਹੁੰ ਚੁੱਕੀ ਸੀ। ਇਸ ਸਾਲ ਇਸੇ ਦਿਨ ‘ਚੱਲੋ ਦਿੱਲੀ ਕਿਸਾਨ ਅੰਦੋਲਨ’ ਦੇ ਛੇ ਮਹੀਨੇ ਪੂਰੇ ਹੋ ਜਾਣਗੇ।’ -ਪੀਟੀਆਈ