ਲੰਬੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਲੰਬੀ ਦੇ ਸਾਬਕਾ ਹਲਕਾ ਇੰਚਾਰਜ ਕਾਰਜ ਸਿੰਘ ਵਿਰਕ ਵਾਸੀ ਮਿੱਡਾ ਨੇ ਪਾਰਟੀ ਛੱਡ ਦਿੱਤੀ ਹੈ। ਇਸ ਬਾਰੇ ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਐਲਾਨ ਕੀਤਾ ਹੈ। ਇਸ ਬਾਰੇ ਪੋਸਟ ਦਾ ਸਕਰੀਨ ਸ਼ਾਟ ਕਾਫ਼ੀ ਵਾਇਰਲ ਹੋ ਰਿਹਾ ਹੈ। ਕਾਰਜ ਸਿੰਘ ਚਾਰ ਸਾਲ ਤੱਕ ਲੰਬੀ ਦਾ ਹਲਕਾ ਇੰਚਾਰਜ ਰਿਹਾ ਹੈ। ਸਰਾਵਾਂ ਜੈਲ ’ਚ ਲਾਹੌਰੀਆ ਭਾਈਚਾਰੇ ਦੇ ਇਸ ਆਗੂ ਦੀ ਖਾਸੀ ਪਕੜ ਦੱਸੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਉਹ ਆਮ ਆਦਮੀ ਪਾਰਟੀ ਵਿੱਚ ਨਹੀਂ ਹਨ। ਉਹ ਪੂਰੀ ਤਰ੍ਹਾਂ ਸੋਚ ਸਮਝ ਕੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਕਾਰਜ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ‘ਆਪ’ ਵਿੱਚ ਆਮ ਵਰਕਰ ਦੀ ਕੋਈ ਸੁਣਵਾਈ ਨਹੀਂ ਹੈ। ਦਿੱਲੀ ਕਲਚਰ ਹਾਵੀ ਹੈ ਅਤੇ ਪਾਰਟੀ ਅੰਦਰ ਠੇਕੇਦਾਰੀ ਸਿਸਟਮ ਲਾਗੂ ਹੈ। ਤਨਖ਼ਾਹੀਆ ਟੀਮ ਹੀ ਪੰਜਾਬ ’ਚ ਚੋਣ ਸਰਗਰਮੀਆਂ ਚਲਾ ਰਹੀ ਹੈ। ਆਮ ਵਰਕਰ ਦੀ ਗੱਲ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਤੱਕ ਪਹੁੰਚਣ ਨਹੀਂ ਦਿੱਤੀ ਜਾ ਰਹੀ। ਇਸ ਜ਼ਿੱਲਤ ਅਤੇ ਪਾਰਟੀ ਕਾਡਰ ਦੀ ਗੈਰਸੁਣਵਾਈ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਦੂਜੇ ਪਾਸੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਰਜ ਵਿਰਕ ਦੇ ਦੋਸ਼ਾਂ ਨੂੰ ਖਾਰਜ ਕਰਦੇ ਆਖਿਆ ਕਿ ਆਮ ਆਦਮੀ ਪਾਰਟੀ ’ਚ ਕੋਈ ਠੇਕੇਦਾਰੀ ਜਾਂ ਤਨਖਾਹੀਆ ਸਿਸਟਮ ਨਹੀਂ, ਬਲਕਿ ਕਾਡਰ ਆਧਾਰ ਜਥੇਬੰਦਕ ਢਾਂਚਾ ਪਾਰਟੀ ਨੂੰ ਚਲਾਉਂਦਾ ਹੈ। ਕਾਰਜ ਵਿਰਕ ਨੂੰ ਪਾਰਟੀ ਨੇ ਲੰਬੀ ਜਿਹੇ ਅਹਿਮ ਹਲਕੇ ਦਾ ਇੰਚਾਰਜ ਬਣਾ ਕੇ ਮਾਣ ਬਖਸ਼ਿਆ। ਵਿਰਕ ਦਾ ਰੋਸਾ ਟਿਕਟ ਨਾ ਮਿਲਣ ਕਰਕੇ ਹੋ ਸਕਦਾ ਹੈ। ਚੀਮਾ ਨੇ ਦਾਅਵਾ ਕੀਤਾ ਕਿ ਆਪ ਨੂੰ ਸੂਬੇ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।