ਜੇਬੀ ਸੇਖੋਂ/ ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 19 ਜੂਨ
ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪਿੰਡ ਡਾਨਸੀਵਾਲ ਕੋਲ ਅੱਜ ਦੋ ਮੋਟਰ ਸਾਈਕਲਾਂ ਦੀ ਸਿੱਧੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋਵੇਂ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਜੀਤ ਰਾਮ (50) ਵਾਸੀ ਸੰਗਤਪੁਰ ਆਪਣੇ ਸਾਥੀ ਜਗਦੱਤ ਪੁੱਤਰ ਸੁਖਦੇਵ ਸਿੰਘ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ 07 5499 ’ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਸੈਲਾ ਖੁਰਦ ਵੱਲ ਜਾ ਰਹੇ ਸਨ ਕਿ ਪਿੰਡ ਡਾਨਸੀਵਾਲ ਕੋਲ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੰਬਰ ਪੀਬੀ07 ਵਾਈ 4461 ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਮੋਟਰਸਾਈਕਲ ’ਤੇ ਕਮਲਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਬੁੱਲੋਵਾਲ ਅਤੇ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਗੀਨੋਵਾਲ ਸਵਾਰ ਸਨ। ਹਾਦਸੇ ਵਿਚ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਦੋਹਾਂ ਮੋਟਰਸਾਈਕਲਾਂ ’ਤੇ ਸਵਾਰ ਚਾਰੋਂ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗ ਗਈਆਂ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਜਿੱਥੇ ਭੁਪਿੰਦਰ ਸਿੰਘ ਪੁੱਤਰ ਜੀਤ ਰਾਮ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੇ ਬਾਕੀ ਜ਼ਖ਼ਮੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਅਧਿਕਾਰੀਆਂ ਅਨੁਸਾਰ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸਾਬਕਾ ਫੌਜੀ ਦੀ ਸੜਕ ਹਾਦਸੇ ’ਚ ਮੌਤ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਇੱਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਬਲਾਚੌਰ-ਗੜ੍ਹਸ਼ੰਕਰ ਮਾਰਗ ’ਤੇ ਪਿੰਡ ਸਿਆਣਾ ਦੇ ਪੈਟਰੋਲ ਪੰਪ ਲਾਗੇ ਸਵੇਰੇ ਸਾਢੇ 5 ਵਜੇ ਸਾਬਕਾ ਫੌਜੀ ਸੁਰਜੀਤ ਸਿੰਘ (58) ਵਾਸੀ ਵਾਰਡ ਨੰਬਰ-12 ਸੈਰ ਕਰ ਰਿਹਾ ਸੀ ਜਿਸ ਨੂੰ ਵਾਹਨ ਫੇਟ ਮਾਰ ਗਿਆ ਤੇ ਉਸ ਦੀ ਮੌਤ ਹੋ ਗਈ। ਸੁਰਜੀਤ ਸਿੰਘ 5 ਸਾਲ ਪਹਿਲਾਂ ਸੇਵਾਮੁਕਤ ਹੋ ਕੇ ਬਲਾਚੌਰ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਏ.ਐੱਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦਾ ਸਿਵਲ ਹਸਪਤਾਲ ਬਲਾਚੌਰ ਵਿਚ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ।