ਪੱਤਰ ਪ੍ਰੇਰਕ
ਅਬੋਹਰ, 17 ਮਈ
ਪਿੰਡ ਪੰਜਾਵਾ ਦੇ ਇੱਕ ਕਿਸਾਨ ਨੇ ਨਹਿਰੀ ਪਾਣੀ ਦੀ ਘਾਟ ਕਾਰਨ ਦੁਖੀ ਹੋ ਕੇ ਤਿੰਨ ਕਿੱਲਿਆਂ ਵਿੱਚ ਲੱਗੇ ਕਿੰਨੂ ਦੇ ਬਾਗ ਨੂੰ ਪੁੱਟ ਦਿੱਤਾ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਉਸ ਨੂੰ ਬਾਗ ਪੁੱਟਣ ਤੋਂ ਰੋਕਿਆ ਤਾਂ ਬਾਗ ਦਾ ਕੁਝ ਹਿੱਸਾ ਬਚ ਗਿਆ। ਬਾਗਬਾਨ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਉਹ ਬਾਗ ਨੂੰ ਸੁੱਕਦਾ ਨਹੀਂ ਦੇਖ ਸਕਿਆ, ਜਿਸ ਕਾਰਨ ਉਸ ਨੇ ਬਾਗ ਨੂੰ ਪੁੱਟ ਦਿੱਤਾ ਹੈ। ਪਿੰਡ ਪੰਜਾਵਾ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਬਾਗ 10 ਸਾਲ ਪਹਿਲਾਂ ਲਾਇਆ ਸੀ ਅਤੇ ਇਹ ਵਧੀਆ ਫਲ ਦੇ ਰਿਹਾ ਸੀ ਪਰ ਇਸ ਵਾਰ ਉਸ ਨੂੰ ਕਰੀਬ ਦੋ ਮਹੀਨੇ ਤੱਕ ਬਾਗ਼ ਦੀ ਸਿੰਜਾਈ ਲਈ ਲੋੜੀਂਦਾ ਨਹਿਰੀ ਪਾਣੀ ਨਹੀਂ ਮਿਲਿਆ, ਜਿਸ ਕਾਰਨ ਬਾਗ਼ ਸੁੱਕਣਾ ਸ਼ੁਰੂ ਹੋ ਗਿਆ ਅਤੇ ਅੱਜ ਉਸ ਨੇ ਬਾਗ ਨੂੰ ਪੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਲਈ ਨਹਿਰੀ ਵਿਭਾਗ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਜੇ ਹੁਣ ਵੀ ਪਾਣੀ ਨਾ ਮਿਲਿਆ ਤਾਂ ਉਹ ਬਾਕੀ ਰਹਿੰਦਾ ਬਾਗ ਵੀ ਪੁੱਟ ਦੇਵੇਗਾ।
ਇਸ ਸਬੰਧੀ ਜਦੋਂ ਵਿਧਾਇਕ ਸੰਦੀਪ ਜਾਖੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਾਗਬਾਨ ਵੱਲੋਂ ਬਾਗ ਨੂੰ ਪੁੱਟਿਆ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਹ ਨਹਿਰੀ ਵਿਭਾਗ ਦੇ ਸੰਪਰਕ ਵਿੱਚ ਹਨ ਤੇ ਜਲਦੀ ਹੀ ਬਾਗਬਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਬਾਗਬਾਨੀ ਵਿਭਾਗ ਦੇ ਅਧਿਕਾਰੀ ਰਮਨਦੀਪ ਕੌਰ ਨੇ ਦੱਸਿਆ ਕਿ ਇਸ ਵਾਰ ਮਾਰਚ-ਅਪਰੈਲ ਮਹੀਨੇ ਜ਼ਿਆਦਾ ਗਰਮੀ ਪੈਣ ਕਾਰਨ ਬਾਗਾਂ ਦੇ ਫਲ ਡਿੱਗ ਗਏ ਹਨ, ਜਿਸ ਕਾਰਨ ਉਸ ਨੇ ਬਾਗ ਪੁੱਟਿਆ ਹੈ। ਸਿੰਜਾਈ ਦੇ ਪਾਣੀ ਦੀ ਘਾਟ ਸਬੰਧੀ ਉਹ ਨਹਿਰੀ ਵਿਭਾਗ ਨੂੰ ਪੱਤਰ ਲਿਖਣਗੇ।