ਨਵੀਂ ਦਿੱਲੀ: ਕਾਮੇਡੀਅਨ ਕੁਨਾਲ ਕਾਮਰਾ ਨੇ ਅੱਜ ਸੁਪਰੀਮ ਕੋਰਟ ਖ਼ਿਲਾਫ਼ ਕੀਤੇ ਵਿਵਾਦਤ ਟਵੀਟਾਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਆਪਣੇ ਰੁਖ਼ ’ਤੇ ਉਹ ਕਾਇਮ ਹੈ। ਕਾਮਰਾ ਨੇ ਮੁਆਫ਼ੀ ਮੰਗਣ ਤੋਂ ਵੀ ਮਨ੍ਹਾਂ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਸ ਨੂੰ ਯਕੀਨ ਹੈ ਕਿ ਟਵੀਟ ‘ਆਪਣੇ ਆਪ ਵਿਚ ਹੀ ਬਹੁਤ ਕੁਝ ਬਿਆਨ ਕਰਦੇ ਹਨ।’ ਕਾਮਰਾ ਦਾ ਇਹ ਬਿਆਨ ਉਦੋਂ ਆਇਆ ਹੈ ਜਦ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਉਸ ਦੇ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਮੁਕੱਦਮਾ ਚਲਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੁਪਰੀਮ ਕੋਰਟ ਵਿਚ ਵੀ ਅੱਜ ਇਕ ਪਟੀਸ਼ਨ ਦਾਇਰ ਕਰ ਕੇ ਕੁਨਾਲ ਕਾਮਰਾ ਵਿਰੁੱਧ ਅਪਰਾਧਕ ਅਦਾਲਤੀ ਮਾਣਹਾਨੀ ਦਾ ਮੁਕੱਦਮਾ ਆਰੰਭਣ ਦੀ ਮੰਗ ਕੀਤੀ ਗਈ ਹੈ। ਕੁਨਾਲ ਨੇ ਸੁਪਰੀਮ ਕੋਰਟ ਵੱਲੋਂ ਪੱਤਰਕਾਰ ਅਰਨਬ ਗੋਸਵਾਮੀ ਨੂੰ ਜ਼ਮਾਨਤ ਦਿੱਤੇ ਜਾਣ ਦੇ ਸੰਦਰਭ ਵਿਚ ਟਵੀਟ ਕੀਤੇ ਸਨ। ਆਪਣੇ ਟਵਿੱਟਰ ਪੇਜ ਉਤੇ ਕੁਨਾਲ ਨੇ ਲਿਖਿਆ ‘ਜੋ ਵੀ ਮੈਂ ਟਵੀਟ ਕੀਤਾ ਸੀ ਉਹ ਸੁਪਰੀਮ ਕੋਰਟ ਬਾਰੇ ਮੇਰਾ ਦ੍ਰਿਸ਼ਟੀਕੋਣ ਸੀ ਜੋ ਕਿ ਪ੍ਰਾਈਮ ਟਾਈਮ ਲਾਊਡਸਪੀਕਰ ਦੇ ਹੱਕ ਵਿਚ ਸੁਣਾਏ ਗਏ ਫ਼ੈਸਲਾ ਨਾਲ ਜੁੜਿਆ ਸੀ। ਮੇਰਾ ਦ੍ਰਿਸ਼ਟੀਕੋਣ ਬਦਲਿਆ ਨਹੀਂ ਹੈ ਕਿਉਂਕਿ ਦੂਜਿਆਂ ਦੀ ਨਿੱਜੀ ਆਜ਼ਾਦੀ ਨਾਲ ਜੁੜੇ ਮੁੱਦਿਆਂ ਬਾਰੇ ਸੁਪਰੀਮ ਕੋਰਟ ਦੀ ਚੁੱਪ ਦੀ ਨਿਖੇਧੀ ਕਰਨੀ ਬਣਦੀ ਹੈ। ਟਵੀਟ ਵਾਪਸ ਲੈਣ ਜਾਂ ਮੁਆਫ਼ੀ ਮੰਗਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।’ ਜ਼ਿਕਰਯੋਗ ਹੈ ਕਿ ਕਾਮਰਾ ਨੇ ਇੰਡੀਗੋ ਦੀ ਇਕ ਉਡਾਣ ਵਿਚ ਗੋਸਵਾਮੀ ਤੋਂ ਸਵਾਲ ਵੀ ਪੁੱਛੇ ਸਨ ਤੇ ਉਸ ਉਤੇ ਕਈ ਹਵਾਈ ਕੰਪਨੀਆਂ ਨੇ ਪਾਬੰਦੀ ਲਾ ਦਿੱਤੀ ਸੀ। ਕਾਮਰਾ ਨੇ ਕਿਹਾ ਕਿ ਮੁਲਕ ਅੱਗੇ ਕਈ ਹੋਰ ਚੁਣੌਤੀਆਂ ਹਨ ਤੇ ਸਿਖ਼ਰਲੀ ਅਦਾਲਤ ਨੂੰ ਉਨ੍ਹਾਂ ਉਤੇ ਜ਼ੋਰ ਦੇਣਾ ਚਾਹੀਦਾ ਹੈ। ਕਾਮੇਡੀਅਨ ਨੇ ਟਵੀਟ ਵਿਚ ਨੋਟਬੰਦੀ, ਧਾਰਾ 370, ਇਲੈਕਟੋਰਲ ਬਾਂਡ ਤੇ ਹੋਰ ਕਈ ਅਹਿਮ ਪਟੀਸ਼ਨਾਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਉਤੇ ਸੁਣਵਾਈ ਸੁਪਰੀਮ ਕੋਰਟ ਵਿਚ ਬਕਾਇਆ ਹੈ। -ਪੀਟੀਆਈ