ਗੁਰਪ੍ਰੀਤ ਸਿੰਘ
ਘਨੌਰ, 24 ਅਪਰੈਲ
ਇਥੋਂ ਨੇੜਲੇ ਪਿੰਡ ਆਕੜ ਦੀ ਅਨਾਜ ਮੰਡੀ ਵਿੱਚ ਖਰੀਦ ਏਜੰਸੀ ਦਾ ਹਫ਼ਤੇ ਤੋਂ ਬਾਰਦਾਨਾ ਨਾ ਪੁੱਜਣ ’ਤੇ ਕਣਕ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਕਿਸਾਨਾਂ ਨੇ ਰਾਜਪੁਰਾ-ਪਟਿਆਲਾ ਰੋਡ ’ਤੇ ਪਿੰਡ ਨਰੜੂ ਦੇ ਚੌਕ ਨੇੜੇ ਕਿਸਾਨ ਆਗੂਆਂ ਦਰਸ਼ਨ ਸਿੰਘ ਨਰੜੂ, ਸਤਨਾਮ ਸਿੰਘ ਆਕੜ, ਗਿਆਨੀ ਸਿੰਘ ਰਾਏਪੁਰ, ਨੰਬਰਦਾਰ ਹਰਦੀਪ ਸਿੰਘ ਕੌਲੀ, ਸਵਰਨ ਸਿੰਘ ਧਰੇੜੀ ਅਤੇ ਹਰਜੀਤ ਸਿੰਘ ਟਹਿਲਪੁਰਾ ਦੀ ਅਗਵਾਈ ਵਿੱਚ ਸੜਕੀ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਾਇਆ। ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਖਰੀਦ ਏਜੰਸੀ ਵੇਅਰ ਹਾਊਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਹਰਜੀਤ ਸਿੰਘ ਟਹਿਲਪੁਰਾ ਅਤੇ ਹੋਰਨਾਂ ਨੇ ਕਿਹਾ ਕਿ ਆਕੜ ਦੀ ਅਨਾਜ ਮੰਡੀ ਵਿੱਚ ਕਿਸਾਨ ਕਈ ਕਈ ਦਿਨਾਂ ਤੋਂ ਕਣਕ ਦੀ ਫਸਲ ਵੇਚਣ ਲਈ ਬੈਠੇ ਹਨ ਪਰ ਸਬੰਧਤ ਖਰੀਦ ਏਜੰਸੀ ਪੰਜਾਬ ਵੇਅਰ ਹਾਊਸ ਕੋਲ ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਦੀ ਕਣਕ ਨਹੀਂ ਵਿਕ ਰਹੀ। ਇਸ ਕਾਰਨ ਕਿਸਾਨਾਂ ਵਿੱਚ ਸਰਕਾਰ ਅਤੇ ਖਰੀਦ ਏਜੰਸੀ ਪ੍ਰਤੀ ਤਿੱਖਾ ਰੋਸ ਹੈ। ਕਿਸਾਨ ਮੰਗ ਕਰ ਰਹੇ ਸਨ ਕਿ ਮੰਡੀ ਵਿੱਚ ਤੁਰੰਤ ਬਾਰਦਾਨਾ ਭੇਜ ਕੇ ਸਾਰੀ ਫ਼ਸਲ ਖਰੀਦੀ ਜਾਵੇ। ਇਸੇ ਦੌਰਾਨ ਮੌਕੇ ’ਤੇ ਪੁੱਜੇ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਮਨਦੀਪ ਸਿੰਘ ਅਤੇ ਇੰਸਪੈਕਟਰ ਮਨਿੰਦਰ ਸਿੰਘ ਮਾਨ ਵੱਲੋਂ ਧਰਨਾਕਾਰੀਆਂ ਨੂੰ ਮੰਡੀ ਵਿੱਚ ਬਾਰਦਾਨੇ ਦਾ ਟਰੱਕ ਪੁੱਜਦਾ ਹੋਣ ਸਬੰਧੀ ਜਾਣਕਾਰੀ ਦੇਣ ’ਤੇ ਕਿਸਾਨਾਂ ਨੇ ਧਰਨਾ ਚੁੱਕਾ ਲਿਆ।
ਦਾਣਾ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੇ ਅੰਬਾਰ ਲੱਗੇ
ਧੂਰੀ (ਪਵਨ ਕੁਮਾਰ ਵਰਮਾ): ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਅੰਦਰ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਤੁਲਾਈ ਦਾ ਕੰਮ ਠੱਪ ਪਿਆ ਹੋਣ ਕਰਕੇ ਸਾਰੀਆਂ ਹੀ ਦਾਣਾ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ। ਜਿਹੜੀਆਂ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਕੀਤੀ ਗਈ ਸੀ, ਉਸ ਦਾ ਵੀ ਵੱਡਾ ਹਿੱਸਾ ਅਨਾਜ ਮੰਡੀ ਵਿੱਚ ਹੀ ਪਿਆ ਹੈ। ਬੋਰੀਆਂ ਦੀਆਂ ਪੱਲੇਦਾਰਾਂ ਵੱਲੋਂ ਧਾਕਾਂ ਲਗਾ ਕੇ ਰੱਖ ਦਿੱਤੀਆਂ ਹਨ। ਬੀਤੀ ਰਾਤ ਮੀਂਹ ਤੋਂ ਬਚਣ ਲਈ ਕਿਸਾਨਾਂ ਦੇ ਬੈਠਣ ਦਾ ਪ੍ਰਬੰਧ ਵੀ ਨਾ ਹੋਣ ਦੇ ਚਲਦਿਆਂ ਕਿਸਾਨਾਂ ਨੂੰ ਆੜ੍ਹਤੀਆਂ ਵੱਲੋਂ ਲਗਾਏ ਤੰਬੂਆਂ ਅਤੇ ਦਰੱਖਤਾਂ ਦਾ ਆਸਰਾ ਲੈਣਾ ਪਿਆ। ਕਿਸਾਨਾਂ ਨੇ ਕਿਹਾ ਕਿ ਹੁਣ ਖਰੀਦ ਏਜੰਸੀਆਂ ਵੱਲੋਂ ਮੀਂਹ ਤੋਂ ਬਾਅਦ ਸਿੱਲ ਦਾ ਬਹਾਨਾ ਅਤੇ ਪਿਛਲੀ ਖਰੀਦ ਕੀਤੀ ਕਣਕ ਦੀ ਭਰਾਈ ਲਈ ਬਾਰਦਾਨਾ ਨਾ ਦੇਣ ’ਤੇ ਕਿਸਾਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਲੇਦਾਰ ਮਜਦੂਰ ਵਰਗ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਦੋ ਡੰਗ ਦੀ ਰੋਟੀ ਦਾ ਹੱਲ ਵੀ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਬਾਰਦਾਨੇ ਦਾ ਅਤੇ ਕਣਕ ਦੀਆਂ ਭਰੀਆਂ ਬੋਰੀਆਂ ਦੀ ਚੁਕਾਈ ਦਾ ਤੁਰੰਤ ਪ੍ਰਬੰਧ ਕਰੇ।
ਮੰਡੀਆਂ ’ਚ ਕਣਕ ਹੋ ਰਹੀ ਹੈ ਖ਼ਰਾਬ: ਹਰੀ ਸਿੰਘ
ਧੂਰੀ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਅੱਜ ਧੂਰੀ ਅਨਾਜ ਮੰਡੀ ਸਮੇਤ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਏ ਦਿਨ ਕਣਕ ਦੇ ਵਧੀਆ ਖਰੀਦ ਪ੍ਰਬੰਧਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਸਿੱਧੀ ਅਦਾਇਗੀ ਵੀ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਰਕੇ ਮੰਡੀਆਂ ਵਿੱਚ ਫੜ੍ਹਾਂ ਵਿੱਚ ਕਣਕ ਸੁੱਟਣ ਲਈ ਥਾਂ ਹੀ ਨਹੀਂ ਹੈ ਅਤੇ ਪਈ ਕਣਕ ਖਰਾਬ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਕਾਰਨ ਆੜ੍ਹਤੀ, ਕਿਸਾਨ ਤੇ ਪੱਲੇਦਾਰ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਤੋਂ ਛੇਤੀ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ, ਮੇਜਰ ਸਿੰਘ ਹਾਜ਼ਰ ਸਨ।
ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ
ਸੰਗਰੂਰ (ਮਹਿੰਦਰ ਕੌਰ ਮੰਨੂ): ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਜ਼ਿਲ੍ਹੇ ਭਰ ਵਿਚ ਕਿਸਾਨਾਂ ਨੂੰ ਮੰਡੀਆਂ ਵਿਚ ਪੇਸ਼ ਆ ਰਹੀਆਂ ਗੰਭੀਰ ਮੁਸ਼ਕਲਾਂ ਸਬੰਧੀ ਮੈਮੋਰੰਡਮ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ। ਆਗੂਆਂ ਨੇ ਕਿਹਾ ਕਿ ਦੂਜੀ ਵੱਡੀ ਸਮੱਸਿਆ ਦਾ ਸਾਹਮਣਾ ਇਸ ਮੌਕੇ ਆੜ੍ਹਤੀਆਂ ਨੂੰ ਵੀ ਕਰਨਾ ਪੈ ਰਿਹਾ ਹੈ, ਕਿਉਂਕਿ ਸੂਬਾ ਸਰਕਾਰ ਨੇ ਆੜ੍ਹਤੀਆਂ ਨੂੰ ਪੁਰਾਣਾ ਬਾਰਦਾਨਾ ਖਰੀਦਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉਸ ਨਾਲ ਵੀ ਆੜ੍ਹਤੀ ਵਰਗ ਸੰਤੁਸ਼ਟ ਨਹੀਂ ਹੈ| ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਦੇ ਨਾਮ ਮੈਮੋਰੰਡਮ ਸੌਂਪ ਕੇ ਮੰਗ ਕੀਤੀ ਕਿ ਪੰਜਾਬ ਦੇ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕਰਕੇ ਉਸ ਖਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਕੌਰ ਕਮੇਟੀ ਮੈਂਬਰ ਬਲਦੇਵ ਸਿੰਘ ਮਾਨ, ਬਾਬੂ ਪ੍ਰਕਾਸ਼ ਚੰਦ ਗਰਗ, ਸਰਦਾਰ ਹਰੀ ਸਿੰਘ ਨਾਭਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਗੁਲਜ਼ਾਰ ਸਿੰਘ ਗਿਆਨੀ ਨਿਰੰਜਣ ਸਿੰਘ, ਨਵਇੰਦਰ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ, ਤੇਜਾ ਸਿੰਘ ਹਾਜ਼ਰ ਸਨ |