ਪੀਪੀ ਵਰਮਾ
ਪੰਚਕੂਲਾ, 14 ਸੰਤਬਰ
ਪੁਲੀਸ ਸਟੇਸ਼ਨ ਚੰਡੀਮੰਦਰ ਅਧੀਨ ਆਉਂਦੇ ਮੋਰਨੀ ਟੀ-ਪੁਆਇੰਟ ਤੋਂ ਅੱਗੇ ਜੰਗਲ ਨਾਕੇ ਤੋਂ ਕੁਝ ਦੂਰੀ ’ਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਲਾਜ਼ਮ ਰਾਤ ਵੇਲੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਜੰਗਲ ਨਾਕੇ ਤੋਂ ਥੋੜ੍ਹੀ ਅੱਗੇ ਇੱਕ ਕਾਰ ਖੜ੍ਹੀ ਵੇਖੀ। ਜਿਵੇਂ ਹੀ ਪੁਲੀਸ ਕਰਮਚਾਰੀ ਜਾਂਚ ਕਰਨ ਲਈ ਗੱਡੀ ਦੇ ਨੇੜੇ ਗਏ ਤਾਂ ਗੱਡੀ ਵਿੱਚ ਬੈਠੇ ਵਿਅਕਤੀ ਨੇ ਪੁਲੀਸ ਕਰਮਚਾਰੀਆਂ ਨੂੰ ਕਾਰ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ। ਜਿਸ ਮਗਰੋਂ ਪੁਲੀਸ ਕਰਮਚਾਰੀਆਂ ਨੇ ਕਾਰ ਦੀ ਫੋਟੋ ਵੀ ਖਿੱਚੀ, ਜਦੋਂ ਪੁਲੀਸ ਮੁਲਾਜ਼ਮ ਨੇ ਆਲੇ ਦੁਆਲੇ ਵੇਖਿਆ ਤਾਂ ਉਨ੍ਹਾਂ ਨੂੰ ਖੂਨ ਦੇ ਛਿੱਟੇ ਪਏ ਹੋਏ ਦਿਖਾਈ ਦਿੱਤੇ। ਜਾਂਚ ਤੋਂ ਪਤਾ ਲੱਗਾ ਕਿ ਖੂਨ ਨਾਲ ਲੱਥਪੱਥ ਲਾਸ਼ ਝਾੜੀਆਂ ਵਿੱਚ ਪਈ ਹੈ। ਪੁਲੀਸ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦੇਣ ਮਗਰੋਂ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਚੰਡੀਮੰਦਰ ਪੁਲੀਸ ਸਟੇਸ਼ਨ ਦੇ ਐੱਸਐਚਓ ਅਰਵਿੰਦ ਕੁਮਾਰ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਐੱਸਐਚਓ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦਾ ਨਾਂ ਰਾਜੀਵ ਦੱਸਿਆ ਗਿਆ ਹੈ। ਜਿਹੜਾ ਪਿੰਡ ਸ਼ੈਤਪੁਰਾ ਡੇਰਾਬਸੀ ਦਾ ਰਹਿਣ ਵਾਲਾ ਸੀ। ਐੱਸਐਚਓ ਨੇ ਦੱਸਿਆ ਕਿ ਜਿਹੜੀ ਕਾਰ ਮੌਕੇ ਤੋਂ ਬਰਾਮਦ ਕੀਤੀ ਹੈ ਉਸਦੇ ਮਾਲਕ ਦਾ ਪਤਾ ਚੱਲ ਗਿਆ ਹੈ। ਐੱਸਐਚਓ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਧਾਰਾ 302 ਤੇ 307 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਦੋ ਵਿਅਕਤੀ ਭੱਜਣ ’ਚ ਸਫ਼ਲ ਹੋ ਗਏ ਸਨ ਪਰ ਉਹ ਵਾਰਦਾਤ ਵਾਲੀ ਥਾਂ ਕੋਲ ਕਾਰ ਛੱਡ ਗਏ ਸਨ ਜਿਹੜੀ ਹਾਦਸਾ ਗ੍ਰਸਤ ਸੀ ਤੇ ਪੰਜਾਬ ਨੰਬਰ ਦੀ ਸੀ। ਜਿਸ ਤੋਂ ਕਾਰ ਦੇ ਮਾਲਕ ਦਾ ਪਤਾ ਲਗਾਇਆ ਜਾ ਚੁੱਕਿਆ ਹੈ।