ਨਵੀਂ ਦਿੱਲੀ, 22 ਜੁਲਾਈ
ਕੌਮਾਂਤਰੀ ਮੀਡੀਆ ਗਰੁੱਪ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਦਲਾਈਲਾਮਾ ਦੇ ਮੁੱਖ ਸਲਾਹਕਾਰਾਂ ਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲਿਮ (ਐੱਨਐੱਸਸੀਐੱਨ) ਦੇ ਕਈ ਆਗੂਆਂ ਦੇ ਫੋਨ ਨੰਬਰ ਵੀ ਉਸ ਸੂਚੀ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ।
ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਰਿਪੋਰਟਾਂ ਦੀ ਲੜੀ ਦਰਮਿਆਨ ‘ਦਿ ਵਾਇਰ’ ਵੱਲੋਂ ਜਾਰੀ ਰਿਪੋਰਟ ਅਨੁਸਾਰ ਦੁਬਈ ਦੀ ਸ਼ਹਿਜ਼ਾਦੀ ਸ਼ੇਖਾ ਲਤੀਫਾ ਦੇ ਨੇੜਲੇ ਕਈ ਲੋਕਾਂ ਦੇ ਫੋਨ ਨੰਬਰ ਵੀ ਇਸ ਸੂਚੀ ’ਚ ਸ਼ਾਮਲ ਹਨ ਜਿਸ ਨੂੰ 2018 ’ਚ ਭਾਰਤੀ ਫੌਜ ਨੇ ਫੜ ਲਿਆ ਸੀ। ‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਪੈਗਾਸਸ ਦੀ ਸੂਚੀ ’ਚ ਦਲਾਈਲਾਮਾ ਦੇ ਮੁੱਖ ਸਲਾਹਕਾਰਾਂ ਦੇ ਨੰਬਰ ਵੀ ਹੋ ਸਕਦੇ ਹਨ। ਇਸ ’ਚ ਦਾਅਵਾ ਕੀਤਾ ਗਿਆ ਹੈ, ‘ਅਧਿਐਨ ਤੋਂ ਇਹ ਮਜ਼ਬੂਤ ਸੰਕੇਤ ਮਿਲੇ ਹਨ ਕਿ ਇਹ ਭਾਰਤ ਸਰਕਾਰ ਦੇ ਸੰਭਾਵੀ ਨਿਸ਼ਾਨੇ ’ਤੇ ਹੋ ਸਕਦੇ ਹਨ। ਇਸ ਸੂਚੀ ’ਚ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਲੋਬਸੈਂਗ ਸਾਂਗੇ, ਇੱਕ ਹੋਰ ਬੋਧੀ ਧਰਮ ਗੁਰੂ ਗਿਆਲਗਾਂਗ ਕਰਮਾਪਾ ਦੇ ਦਫ਼ਤਰ ਦਾ ਅਮਲਾ ਅਤੇ ਭਾਰਤ ’ਚ ਜਲਾਵਤਨ ਭਾਈਚਾਰੇ ਨਾਲ ਸਬੰਧਤ ਕਈ ਕਾਰਕੁਨ ਤੇ ਧਾਰਮਿਕ ਆਗੂਆਂ ਦੇ ਫੋਨ ਨੰਬਰ ਵੀ ਸ਼ਾਮਲ ਹਨ।’ ਦਲਾਈ ਲਾਮਾ ਦੇ ਜਿਨ੍ਹਾਂ ਸੀਨੀਅਰ ਸਲਾਹਕਾਰਾਂ ਦੇ ਫੋਨ ਨੰਬਰ ਮਿਲੇ ਹਨ ਉਨ੍ਹਾਂ ’ਚ ਤੇਂਪਾ ਸ਼ੇਰਿੰਗ, ਸੀਨੀਅਰ ਸਥੀ ਤੈਨਜ਼ਿਨ ਤਕਲਹਾ ਚਿਮੇ ਰਿਗਜ਼ੇਨ ਸ਼ਾਮਲ ਹਨ। ਬੋਧੀ ਟਰੱਸਟ ਦੇ ਮੁਖੀ ਸਮਧੌਂਗ ਰਿਨਪੋਚੇ ਦਾ ਫੋਨ ਨੰਬਰ ਵੀ ਪੈਗਾਸਸ ਦੀ ਸੂਚੀ ’ਚ ਸ਼ਾਮਲ ਹੈ ਜੋ ਦਲਾਈ ਲਾਮਾ ਦੇ ਗੱਦੀਨਸ਼ੀਨ ਦੀ ਚੋਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ‘ਦਿ ਵਾਇਰ’ ਦੀ ਵੱਖਰੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲਿਮ, ਐੱਨਐੱਸਸੀਐੱਨ (ਆਈਐੱਮ) ਦੇ ਉੱਚ ਆਗੂਆਂ ਦੇ ਫੋਨ ਨੰਬਰਾਂ ਦੀ ਜਾਸੂਸੀ ਵੀ ਕੀਤੀ ਗਈ ਹੈ। ਇਨ੍ਹਾਂ ਆਗੂਆਂ ’ਚ ਐੱਨਐੱਸਸੀਐੱਨ (ਆਈ-ਐੱਮ) ਦੇ ਆਤੇਮ ਵਾਸ਼ੂਮ, ਆਪਮ ਮੁਈਵਾਹ, ਐਂਥਨੀ ਸ਼ਿਮਰੇ ਤੇ ਫੁਨਥਿੰਗ ਸ਼ਿਮਰਾਂਗ ਅਤੇ ਨਾਗਾ ਨੈਸ਼ਨਲ ਪੋਲੀਟੀਕਲ ਗਰੁੱਪ ਦੇ ਕਨਵੀਨਰ ਐੱਨ ਕਿਤੋਵੀ ਜ਼ਿਮੋਮੀ ਦੇ ਨਾਂ ਸ਼ਾਮਲ ਹਨ। -ਪੀਟੀਆਈ
ਪੈਗਾਸਸ ਕਾਂਡ ਬਾਰੇ ਬਿਆਨ ’ਤੇ ਡਟ ਕੇ ਖੜ੍ਹੇ ਹਾਂ: ਐਮਨੈਸਟੀ
ਨਵੀਂ ਦਿੱਲੀ: ਪੈਗਾਸਸ ਜਾਸੂਸੀ ਕਾਂਡ ’ਤੇ ਭਾਰਤ ’ਚ ਮਚੇ ਹੰਗਾਮੇ ਦੌਰਾਨ ਐਮਨੈਸਟੀ ਇੰਟਰਨੈਸ਼ਨਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੈਗਾਸਸ ਪ੍ਰਾਜੈਕਟ ਦੇ ਨਤੀਜਿਆਂ ਨਾਲ ਦ੍ਰਿੜ੍ਹਤਾ ਨਾਲ ਖੜ੍ਹਾ ਹੈ ਅਤੇ ਅੰਕੜੇ ਪੱਕੇ ਤੌਰ ’ਤੇ ਐੱਨਐੱਸਓ ਗਰੁੱਪ ਦੇ ਪੈਗਾਸਸ ਸਪਾਈਵੇਅਰ ਦੇ ਸੰਭਾਵਿਤ ਨਿਸ਼ਾਨਿਆਂ ਨਾਲ ਜੁੜੇ ਹਨ। ਐਮਨੈਸਟੀ ਇੰਟਰਨੈਸ਼ਨਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੀਡੀਆ ’ਚ ਆਈਆਂ ਕੁਝ ਖ਼ਬਰਾਂ ’ਚ ਕੁਝ ਇਜ਼ਰਾਇਲੀ ਪੱਤਰਕਾਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਨੁੱਖੀ ਅਧਿਕਾਰ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਹੁਣੇ ਜਿਹੇ ਲੀਕ ਹੋਏ ਫੋਨ ਨੰਬਰ ਖਾਸ ਤੌਰ ’ਤੇ ਉਨ੍ਹਾਂ ਨੰਬਰਾਂ ਦੀ ਸੂਚੀ ਸਨ, ਜੋ ਪੈਗਾਸਸ ਜਾਸੂਸੀ ਸਾਫਟਵੇਅਰ ਦੇ ਨਿਸ਼ਾਨੇ ’ਤੇ ਸਨ। ਐਮਨੈਸਟੀ ਨੇ ਦਾਅਵਾ ਕੀਤਾ ਕਿ ਪੱਤਰਕਾਰਾਂ, ਕਾਰਕੁਨਾਂ ਅਤੇ ਹੋਰਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਉਣ ਤੋਂ ਧਿਆਨ ਹਟਾਉਣ ਦੇ ਇਰਾਦੇ ਨਾਲ ਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਐਮਨੈਸਟੀ ਨੇ ਬਿਆਨ ’ਚ ਕਿਹਾ ਕਿ ਪੈਗਾਸਸ ਪ੍ਰਾਜੈਕਟ ਨੇ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖ਼ੁਲਾਸਾ ਕੀਤਾ ਹੈ। -ਪੀਟੀਆਈ