ਪੱਤਰ ਪ੍ਰੇਰਕ
ਤਰਨ ਤਾਰਨ, 23 ਸਤੰਬਰ
ਇੱਥੇ ਗਾਵਾਂ ਦੀ ਸੇਵਾ ਕਰਨ ਲਈ ਬਣਾਈ ਰਾਧੇ ਕ੍ਰਿਸ਼ਨ ਗਊਸ਼ਾਲਾ ਦੇ ਮੁੱਖ ਸੇਵੇਦਾਰਾਂ ਨੂੰ ਮਕੈਨੀਕਲ ਜਲ ਨਿਕਾਸ ਅੰਮ੍ਰਿਤਸਰ ਦੇ ਉੱਪ ਮੰਡਲ ਅਧਿਕਾਰੀ ਵੱਲੋਂ ਥਾਂ ਖਾਲੀ ਕਰਨ ਲਈ ਦਿੱਤੇ ਨੋਟਿਸਾਂ ਨੇ ਗਊਸ਼ਾਲਾ ਦੇ ਸੇਵਾਦਾਰਾਂ ਅਤੇ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ| ਗਊ ਭਗਤਾਂ ਨੇ ਲਾਵਾਰਿਸ ਗਾਵਾਂ ਦੀ ਸੇਵਾ-ਸੰਭਾਲ ਲਈ ਤਿੰਨ ਸਾਲ ਪਹਿਲਾਂ ਇਹ ਗਊ ਸ਼ਾਲਾ ਬਣਾਈ ਸੀ। ਉਸ ਵੇਲੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਗਊ ਸ਼ਾਲਾ ਦੀਆਂ ਗਾਵਾਂ ਨੂੰ ਰੱਖਣ ਲਈ ਕਈ ਦਾਹਕਿਆਂ ਤੋਂ ਉਜਾੜ ਪਈ ਸਿੰਜਾਈ ਵਿਭਾਗ (ਜਲ ਨਿਕਾਸ) ਦੀ 12 ਕਨਾਲ, 5 ਮਰਲੇ ਜ਼ਮੀਨ ਦਿਵਾਈ ਸੀ। ਇਥੇ ਹੁਣ 300 ਦੇ ਕਰੀਬ ਗਾਵਾਂ, ਵੱਛੇ, ਸਾਨ੍ਹ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ। ਮਕੈਨੀਕਲ ਜਲ ਨਿਕਾਸ ਦੇ ਉੱਪ ਮੰਡਲ ਅਧਿਕਾਰੀ ਵਲੋਂ ਇਸ ਲਈ ਗਊ ਸ਼ਾਲਾ ਦੇ ਸੇਵਾਦਾਰਾਂ ਨੂੰ ਇਸ ਥਾਂ ਤੋਂ ਆਪਣਾ ‘ਨਾਜਾਇਜ਼’ ਕਬਜਾ’ ਖਾਲੀ ਕਰਨ ਦੇ ਨੋਟਿਸ ਭੇਜੇ ਹਨ ਤੇ ਅਜਿਹਾ ਨਾ ਕਰਨ ’ਤੇ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਵੀ ਦਿੱਤੀ ਹੈ। ਨੋਟਿਸ ਤੋਂ ਪ੍ਰੇਸ਼ਾਨ ਸੇਵਾਦਰਾਂ ਨੇ ਗਊ ਸ਼ਾਲਾ ਵਿੱਚ ਜਾਣ ਤੋਂ ਪਾਸਾ ਵੱਟ ਲਿਆ ਹੈ। ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਬਦਲਵੇਂ ਬੰਦੋਬਸਤ ਕੀਤੇ ਜਾਣ ਤੋਂ ਬਿਨਾਂ ਇਥੋਂ ਗਾਵਾਂ ਆਦਿ ਨੂੰ ਕਿਧਰੇ ਭੇਜਣਾ ਕਿਸੇ ਤਰ੍ਹਾਂ ਸੰਭਵ ਨਹੀਂ ਹੈ|