ਪੱਤਰ ਪ੍ਰੇਰਕ
ਚੰਡੀਗੜ੍ਹ, 7 ਜਨਵਰੀ
ਚੰਡੀਗੜ੍ਹ ਵਿੱਚ ਚਿੰਤਾਜਨਕ ਢੰਗ ਨਾਲ ਫੈਲ ਰਹੇ ਕਰੋਨਾਵਾਇਰਸ ਦੇ ਮੱਦੇਨਜ਼ਰ ਯੂ.ਟੀ. ਪ੍ਰਸ਼ਾਸਨ ਨੇ ਗੈਰ ਸਰਕਾਰੀ/ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸਵੈ-ਇੱਛਾ ਰੱਖਣ ਵਾਲੀਆਂ ਸੰਸਥਾਵਾਂ ਤੋਂ ਮਿੰਨੀ ਕੋਵਿਡ ਕੇਅਰ ਸੈਂਟਰ ਖੋਲ੍ਹਣ ਲਈ ਸਹਿਯੋਗ ਮੰਗਿਆ ਹੈ। ਯੂ.ਟੀ. ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਵਾਰ ਕਰੋਨਾ ਮਰੀਜ਼ਾਂ ਦੀ ਗਿਣਤੀ ਅਪ੍ਰੈਲ/ਮਈ-2021 ਵਿੱਚ ਦੂਜੀ ਲਹਿਰ ਦੇ ਸਿਖਰ ਦੌਰਾਨ ਲਾਗ ਤੋਂ ਵੀ ਕਈ ਗੁਣਾ ਜ਼ਿਆਦਾ ਹੋ ਸਕਦਾ ਹੈ। ਪ੍ਰਸ਼ਾਸਨ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ, ਐਸੋਸੀਏਸ਼ਨ, ਸਵੈ-ਸੇਵੀ ਸੰਸਥਾ, ਐਨ.ਜੀ.ਓ., ਧਾਰਮਿਕ ਸੰਸਥਾ, ਕਾਰਪੋਰੇਟ, ਫ਼ਰਮ ਜਾਂ ਟਰੱਸਟ ਕੋਵਿਡ ਦੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਲਈ ਇੱਕ ਮਿਨੀ ਕੋਵਿਡ ਕੇਅਰ ਸੈਂਟਰ ਸਥਾਪਿਤ ਕਰਨ ਲਈ ਅੱਗੇ ਆ ਸਕਦਾ ਹੈ। ਮਿਨੀ ਕੋਵਿਡ ਕੇਅਰ ਸੈਂਟਰ ਵਿੱਚ ਰਹਿਣਾ, ਖਾਣਾ, ਦਵਾਈਆਂ ਅਤੇ ਹੋਰ ਸਹੂਲਤਾਂ ਮੁਫ਼ਤ ਦੇਣੀਆਂ ਪੈਣਗੀਆਂ।
ਇਥੇ ਕੀਤਾ ਜਾ ਸਕਦਾ ਹੈ ਸੰਪਰਕ
ਮਿੰਨੀ ਕੋਵਿਡ ਕੇਅਰ ਸੈਂਟਰ ਖੋਲ੍ਹਣ ਲਈ ਸਕੱਤਰ ਸਿਹਤ ਵਿਭਾਗ ਦੇ ਫੋਨ ਨੰਬਰ 0172-2742176 ਉਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫਿਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੈਕਟਰ 9-ਡੀ ਸਥਿਤ ਦਫ਼ਤਰ ਵਿੱਚ ਸਵੇਰੇ 9.30 ਵਜੇ ਤੋਂ 10 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ
ਪ੍ਰਸ਼ਾਸਨ ਵੱਲੋਂ ਅਜਿਹੇ ਸਵੈ-ਇੱਛੁਕ ਮਿੰਨੀ ਕੋਵਿਡ ਕੇਅਰ ਸੈਂਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਨੂੰ ਚਲਾਉਣ ਲਈ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ, ਜ਼ਰੂਰਤ ਮੁਤਾਬਕ ਕੋਈ ਸਲਾਹ ਮਸ਼ਵਰਾ ਦੇਣ ਲਈ ਡਾਕਟਰ ਵੀ ਦੌਰਾ ਕਰਦੇ ਰਹਿਣਗੇ। ਜੇਕਰ ਕਿਸੇ ਮਰੀਜ਼ ਦੀ ਤਬੀਅਤ ਵਿਗੜ ਜਾਂਦੀ ਹੈ ਤਾਂ ਢੁਕਵੇਂ ਹਸਪਤਾਲ ਤੱਕ ਪਹੁੰਚਾਉਣ ਲਈ ਐਂਬੂਲੈਂਸ ਵੀ ਪ੍ਰਸ਼ਾਸਨ ਵੱਲੋਂ ਭੇਜੀ ਜਾਵੇਗੀ। ਇਸ ਤੋਂ ਇਲਾਵਾ ਸੈਂਟਰ ਵਿੱਚੋਂ ਰੋਜ਼ਾਨਾ ਕੂੜਾ ਆਦਿ ਚੁੱਕਣ ਦਾ ਪ੍ਰਬੰਧ ਵੀ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ।