ਪੱਤਰ ਪ੍ਰੇਰਕ
ਨਵਾਂਸ਼ਹਿਰ, 19 ਅਪਰੈਲ
ਕਸਬਾ ਰਾਹੋਂ ਦੇ ਵਸਨੀਕ 95 ਸਾਲਾ ਸੁਤੰਤਰਤਾ ਸੈਨਾਨੀ ਤਾਰਾ ਸਿੰਘ ਮਿਨਹਾਸ ਦਾ ਅੱਜ ਲੰਬੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ ਆਜ਼ਾਦ ਹਿੰਦ ਫੌਜ, ਜਿਸ ਨੂੰ ਇੰਡੀਅਨ ਨੈਸ਼ਨਲ ਆਰਮੀ ਵੀ ਕਿਹਾ ਜਾਂਦਾ ਹੈ, ਨਾਲ ਜੁੜੇ ਇੱਕ ਮਾਣਮੱਤੇ ਸੁਤੰਤਰਤਾ ਸੈਨਾਨੀ ਸਨ। ਸ੍ਰੀ ਮਿਨਹਾਸ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨੇੜਲੇ ਸਾਥੀ ਸਨ, ਜਿਨ੍ਹਾਂ ਨੇ 1942 ਵਿੱਚ ਆਈਐੱਨਏ ਬਣਾਈ ਸੀ। ਪੰਜਾਬ ਪੁਲੀਸ ਦੀ ਇੱਕ ਟੁਕੜੀ ਨੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ ਅਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮਰਹੂਮ ਮਿਨਹਾਸ ਦੇ ਪੁੱਤਰ ਅਮਰਜੀਤ ਸਿੰਘ ਮਿਨਹਾਸ ਨੇ ਚਿਖਾ ਨੂੰ ਅਗਨ ਭੇਟ ਕੀਤਾ।
ਨਵਾਂ ਸ਼ਹਿਰ ਦੇ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਮਰਹੂਮ ਤਾਰਾ ਸਿੰਘ ਮਿਨਹਾਸ ਦੀ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਦੁੱਖਭਰੀ ਸਥਿਤੀ ਹੈ ਕਿ ਦੇਸ਼ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਮਾਤ-ਭੂਮੀ ਦੀ ਵੱਡਮੁੱਲੀ ਸੇਵਾ ਕਰਨ ਵਾਲੇ ਇੱਕ ਹੋਣਹਾਰ ਪੁੱਤਰ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਲਾ-ਮਿਸਾਲ ਸੇਵਾ ਲਈ ਸਮੁੱਚੀ ਕੌਮ ਇਸ ਮਹਾਨ ਆਤਮਾ ਦੀ ਰਿਣੀ ਹੈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਡੀਐੱਸਪੀ ਦਵਿੰਦਰ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ।