ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਮਾਰਚ
ਨੇੜਲੇ ਪਿੰਡ ਚੱਕੀ ਵਿੱਚ ਨਸ਼ਾ ਵੇਚਣ ਆਏ 3 ਨੌਜਵਾਨਾਂ ਨੂੰ ਲੋਕਾਂ ਨੇ ਘੇਰਾ ਪਾ ਕੇ ਕਾਬੂ ਕਰ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪਿੰਡ ਚੱਕੀ ’ਚੋਂ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ ਪੋਜੈਰੋ ਵਿਚ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਮਾਣੇਵਾਲ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਵਾਸੀ ਚੱਕੀ ਸਵਾਰ ਹੋ ਕੇ ਸਾਹਿਬ ਸਿੰਘ ਦੇ ਘਰ ਆਏ ਹੋਏ ਹਨ ਜੋ ਉੱਥੇ ਆਪਣੇ ਗਾਹਕਾਂ ਨੂੰ ਬੈਠ ਕੇ ਸਮੈਕ ਵੇਚ ਰਹੇ ਹਨ। ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਬੰਧਤ ਘਰ ਜਾ ਕੇ ਗੱਡੀ ਨੂੰ ਘੇਰਾ ਪਾ ਲਿਆ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਬਰਾਮਦ ਹੋਏ ਛੋਟੇ ਕਾਲੇ ਬੈਗ ਵਿੱਚੋਂ ਕੰਪਿਊਟਰ ਕੰਡਾ, ਪਲਾਸਟਿਕ ਦੀਆਂ ਲਿਫ਼ਾਫੀਆਂ, 2 ਲੈਟਰ ਅਤੇ ਇੱਕ ਲਿਫ਼ਾਫੀ ’ਚੋਂ 1 ਗ੍ਰਾਮ ਸਮੈਕ ਵੀ ਮਿਲੀ। ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਚੱਕੀ ਪੁੱਜਾ ਅਤੇ ਉੱਥੇ ਜਾ ਕੇ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ’ਚੋਂ 9 ਗ੍ਰਾਮ ਸਮੈਕ ਹੋਰ ਬਰਾਮਦ ਹੋਈ। ਪੁਲੀਸ ਨੇ 10 ਗ੍ਰਾਮ ਸਮੈਕ ਮਿਲਣ ’ਤੇ ਜਿੱਥੇ ਪੋਜੈਰੋ ਨੂੰ ਜ਼ਬਤ ਕਰ ਲਿਆ ਉੱਥੇ ਸਮੈਕ ਵੇਚਣ ਆਏ ਗੁਰਪ੍ਰੀਤ ਸਿੰਘ ਉਰਫ਼ ਗੁੱਗੂ, ਲਵਪ੍ਰੀਤ ਸਿੰਘ ਉਰਫ਼ ਲਵੀ ਅਤੇ ਸੁਖਪ੍ਰੀਤ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ। ਲੋਕਾਂ ਨੇ ਦੱਸਿਆ ਕਿ ਪਿੰਡ ਚੱਕੀ ਵਿੱਚ ਪਿਛਲੇ ਕਈ ਦਿਨਾਂ ਤੋਂ ਸਮੈਕ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਸੀ ਅਤੇ ਉਨ੍ਹਾਂ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕਦੀ ਹੈ ਅਤੇ ਪੁਲੀਸ ਵੀ ਅਜਿਹੇ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਬਖ਼ਸੇਗੀ ਨਹੀਂ।
ਖੇਤਾਂ ’ਚ ਬਣੇ ਚੁੱਲ੍ਹੇ ਹੇਠਾਂ ਤਹਿਖਾਨੇ ’ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ
ਮਾਛੀਵਾੜਾ ਪੁਲੀਸ ਵਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਹੇਠ ਅੰਗਰੇਜ਼ ਸਿੰਘ ਵਾਸੀ ਮਾਣੇਵਾਲ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਹੌਲਦਾਰ ਕਰਨੈਲ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਅੰਗਰੇਜ਼ ਸਿੰਘ ਵਾਸੀ ਮਾਣੇਵਾਲ ਜੋ ਕਿ ਬਾਹਰਲੇ ਰਾਜਾਂ ਤੋਂ ਸਸਤੀ ਸ਼ਰਾਬ ਲਿਆ ਕੇ ਇੱਥੇ ਮਹਿੰਗੇ ਭਾਅ ’ਤੇ ਵੇਚਦਾ ਹੈ। ਅੱਜ ਵੀ ਉਸ ਨੇ ਆਪਣੇ ਖੇਤਾਂ ’ਚ ਸ਼ਰਾਬ ਛੁਪਾ ਕੇ ਰੱਖੀ ਹੋਈ ਹੈ। ਪੁਲੀਸ ਵਲੋਂ ਸੂਚਨਾ ਦੇ ਅਧਾਰ ’ਤੇ ਜਦੋਂ ਅੰਗਰੇਜ਼ ਸਿੰਘ ਦੇ ਖੇਤਾਂ ’ਚ ਤਲਾਸ਼ੀ ਲਈ ਗਈ ਤਾਂ ਉੱਥੇ ਬਣੇ ਚੁੱਲ੍ਹੇ ਹੇਠਾਂ ਤਹਿਖਾਨਾ ਬਣਿਆ ਸੀ ਜਿਸ ’ਚੋਂ 17 ਬੋਤਲਾਂ ਪੰਜਾਬ ਵਿਚ ਨਾ-ਵਿਕਣਯੋਗ ਬਰਾਮਦ ਹੋਈ। ਖੇਤਾਂ ’ਚ ਬਣੇ ਚੁੱਲ੍ਹੇ ਹੇਠਾਂ ਅਜਿਹੇ ਢੰਗ ਨਾਲ ਤਹਿਖਾਨਾ ਬਣਾਇਆ ਸੀ ਕਿ ਕਿਸੇ ਨੂੰ ਭਿਣਕ ਤੱਕ ਨਾ ਪਈ ਪਰ ਪੁਲੀਸ ਨੇ ਉੱਥੇ ਜਾ ਕੇ 17 ਬੋਤਲਾਂ ਸ਼ਰਾਬ ਬਰਾਮਦ ਕੀਤੀ।