ਮਿਹਰ ਸਿੰਘ
ਕੁਰਾਲੀ, 4 ਮਾਰਚ
ਬੇਮੌਸਮੇ ਮੀਂਹ ਤੋਂ ਬਾਅਦ ਹੁਣ ਕੁਰਾਲੀ ਇਲਾਕੇ ਵਿਚ ਕਣਕ ਦੀ ਫ਼ਸਲ ’ਤੇ ਪੀਲੀ ਕੂੰਗੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਪੀਲੀ ਕੁੰਗੀ ਦੀ ਦਸਤਕ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਝਿੰਗੜਾਂ ਕਲਾਂ ਦਾ ਦੌਰਾ ਕੀਤਾ ਅਤੇ ਪੀਲੀ ਕੂੰਗੀ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕਰਦਿਆਂ ਕਿਸਾਨਾਂ ਨੂੰ ਇਸ ਤੋਂ ਬਚਾਅ ਸਬੰਧੀ ਸੁਚੇਤ ਕੀਤਾ।
ਪੀਲੀ ਕੁੰਗੀ ਦੇ ਹਮਲੇ ਨੂੰ ਦੇਖਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਰਾਜੇਸ ਕੁਮਾਰ ਰਹੇਜਾ ਦੀ ਅਗਵਾਈ ਹੇਠ ਬਲਾਕ ਮਾਜਰੀ ਦੀ ਟੀਮ ਵੱਲੋ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਇਲਾਕੇ ਦਾ ਨਿਰੰਤਰ ਦੌਰਾ ਕਰ ਰਹੀ ਹੈ। ਇਸ ਦੌਰਾਨ ਬਲਾਕ ਮਾਜਰੀ ਦੇ ਪਿੰਡ ਝਿੰਗੜਾਂ ਕਲਾਂ ਦੇ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿੱਚ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਇਸੇ ਦੌਰਾਨ ਵਿਭਾਗ ਦੀ ਟੀਮ ਨੇ ਝਿੰਗੜਾਂ ਕਲਾਂ ਦਾ ਦੌਰਾ ਕਰਦਿਆਂ ਕੂੰਗੀ ਪ੍ਰਭਾਪਿਤ ਖੇਤ ਦਾ ਨਿਰੀਖਣ ਕੀਤਾ। ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਣਕ ਦੀ ਫਸਲ ’ਤੇ ਤੇਲਾ/ਚੇਪੇ ਦਾ ਹਮਲਾ ਨਜ਼ਰ ਆਵੇ ਤਾਂ ਬਚਾਅ ਲਈ 40 ਗ੍ਰਾਮ ਐਕਟਾਰਾ 125 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਦਿੱਤੀ ਜਾਵੇ।