ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਜੁਲਾਈ
ਇੱਥੋਂ ਦੇ ਵਾਰਡ ਨੰਬਰ 11 ਦੇ ਕਿਤਾਬ ਬਾਜ਼ਾਰ ਵਿੱਚ ਸੀਵਰੇਜ ਬੋਰਡ ਵੱਲੋਂ ਨਿੱਜੀ ਮਾਰਕੀਟ ’ਚ ਸਰਕਾਰੀ ਸੀਵਰੇਜ ਦਾ ਕੁਨੈਕਸ਼ਨ ਜੋੜਿਆ ਗਿਆ ਹੈ। ਇਸ ਸਬੰਧੀ ਕਾਂਗਰਸੀ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ ਨੇ ਹੰਗਾਮਾ ਕਰਦਿਆਂ ਕਈ ਸਵਾਲ ਕੀਤੇ। ਜਾਣਕਾਰੀ ਅਨੁਸਾਰ ਕਿਤਾਬ ਬਾਜ਼ਾਰ ਸਥਿਤ ਖਾਲਸਾ ਮਾਰਕੀਟ ਵਿੱਚ ਸੀਵਰੇਜ ਬੋਰਡ ਦੀ ਨੱਕ ਹੇਠਾਂ ਖੱਡਾ ਪੁੱਟ ਕੇ ਸੀਵਰੇਜ ਦਾ ਕੁਨੈਕਸ਼ਨ ਜੋੜਿਆ ਗਿਆ ਅਤੇ ਮਜ਼ਦੂਰ ਇਸ ਖੱਡੇ ਨੂੰ ਬਿਨਾਂ ਭਰੇ ਹੀ ਚਲੇ ਗਏ। ਸ੍ਰੀ ਤਿਵਾੜੀ ਨੇ ਦੋਸ਼ ਲਾਇਆ ਕਿ ਆਰਕੀਟੈਕਟ ਵੱਲੋਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੀਵਰੇਜ ਕੁਨੈਕਸ਼ਨ ਜੋੜਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੀਵਰੇਜ ਦੀ ਜ਼ਰੂਰਤ ਹੈ, ਉੱਥੇ ਕੰਮ ਨਹੀਂ ਚੱਲ ਰਿਹਾ ਅਤੇ ਅਧਿਕਾਰੀਆਂ ਵੱਲੋਂ ਨਿੱਜੀ ਕਲੋਨੀਆਂ ਤੇ ਮਾਰਕੀਟਾਂ ਵਿੱਚ ਕੁਨੈਕਸ਼ਨ ਜੋੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ, ਜਿਸਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਜਾਵੇਗੀ। ਸੀਵਰੇਜ ਬੋਰਡ ਦੇ ਐੱਸਡੀਓ ਸੁਖਪਾਲ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।