ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਈ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਇਥੇ ਪਾਵਰਕੌਮ ਦੇ ਨਿਗਰਾਨ ਇੰਜਨੀਅਰ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਕਿਸਾਨ ਪਿੰਡ ਬੰਗਾਂਵਾਲੀ ਵਿਖੇ 25 ਹਾਰਸ ਪਾਵਰ ਦਾ ਟਰਾਂਸਫਾਰਮਰ ਨਾ ਰੱਖੇ ਜਾਣ ਤੋਂ ਖਫ਼ਾ ਸਨ। ਇੱਕ ਹਫ਼ਤੇ ਤੋਂ ਲਟਕ ਰਹੇ ਇਸ ਮਾਮਲੇ ਦਾ ਕੋਈ ਹੱਲ ਨਾ ਹੋਣ ’ਤੇ ਅੱਜ ਕਿਸਾਨ ਪਾਵਰਕੌਮ ਦੇ ਸਰਕਲ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨੇ ’ਤੇ ਬੈਠ ਗਏ।
ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰੈਸ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਬਲਾਕ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਪਿੰਡ ਬੰਗਾਂਵਾਲੀ ਵਿੱਚ ਇੱਕ ਕਿਸਾਨ ਦੇ ਖੇਤ ਵਿਚ 16 ਹਾਰਸ ਪਾਵਰ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਜਦੋਂ ਕਿ ਟਰਾਂਸਫਾਰਮਰ ’ਤੇ ਮੋਟਰਾਂ ਦਾ ਲੋਡ ਵੱਧ ਹੋਣ ਕਾਰਨ ਉਹ ਓਵਰਲੋਡ ਹੋ ਕੇ ਸੜ ਜਾਂਦਾ ਹੈ। ਪਾਵਰਕੌਮ ਤੋਂ 25 ਹਾਰਸ ਪਾਵਰ ਦਾ ਟਰਾਂਸਫਾਰਮਰ ਰੱਖਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਪਾਵਰਕੌਮ ਦੇ ਅਧਿਕਾਰੀ ਲੋਡ ਵਧਾਉਣ ਬਦਲੇ ਕਰੀਬ ਪੰਜ ਹਜ਼ਾਰ ਰੁਪਏ ਪ੍ਰਤੀ ਹਾਰਸ ਪਾਵਰ ਲੋਡ ਫੀਸ ਜਮ੍ਹਾਂ ਕਰਾਉਣ ਦੀ ਸ਼ਰਤ ਲਗਾ ਰਹੇ ਸਨ ਜਦੋਂ ਕਿਸਾਨ 1200 ਰੁਪਏ ਪ੍ਰਤੀ ਹਾਰਸ ਪਾਵਰ ਲੋਡ ਫੀਸ ਜਮ੍ਹਾਂ ਕਰਾਉਣ ਲਈ ਤਿਆਰ ਸਨ ਅਤੇ ਇਸ ਤੋਂ ਵੱਧ ਫੀਸ ਜਮ੍ਹਾਂ ਨਹੀਂ ਕਰਾਉਣਾ ਚਾਹੁੰਦੇ ਸੀ। ਇਸੇ ਕਾਰਨ ਹੀ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਨਵਾਂ ਟਰਾਂਸਫਾਰਮਰ ਰੱਖਣ ਦਾ ਮਾਮਲਾ ਲਟਕਿਆ ਪਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਘੱਟ ਹਾਰਸ ਪਾਵਰ ਦੀਆਂ ਮੋਟਰਾਂ ਪਾਣੀ ਕੱਢਣ ਤੋਂ ਅਸਮਰੱਥ ਹਨ। ਲੋਡ ਵਧਾਉਣ ਬਦਲੇ ਕਰੀਬ ਪੰਜ ਹਜ਼ਾਰ ਪ੍ਰਤੀ ਹਾਰਸ ਪਾਵਰ ਜਮ੍ਹਾਂ ਕਰਾਉਣ ਦੀ ਸ਼ਰਤ ਥੋਪੀ ਜਾ ਰਹੀ ਹੈ ਜਦੋਂ ਕਿ ਕਿਸਾਨ ਪਹਿਲਾਂ ਹੀ ਕਣਕ ਦਾ ਝਾੜ ਘਟਣ ਕਾਰਨ ਪ੍ਰੇਸ਼ਾਨ ਹਨ। ਸਵੇਰੇ ਕਰੀਬ 11 ਵਜੇ ਤੋਂ ਘਿਰਾਓ ਕਰਕੇ ਦਿੱਤਾ ਰੋਸ ਧਰਨਾ ਸ਼ਾਮ ਛੇ ਵਜੇ ਤੱਕ ਜਾਰੀ ਰਿਹਾ। ਕਿਸਾਨ ਆਗੂਆਂ ਨੇ ਦੱਸਿਆ ਕਿ ਘਿਰਾਓ ਦੌਰਾਨ ਆਮ ਲੋਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਛੋਟ ਦੇ ਦਿੱਤੀ ਗਈ ਪਰੰਤੂ ਨਿਗਰਾਨ ਇੰਜਨੀਅਰ ਅਤੇ ਐਸਡੀਓ ਦਫ਼ਤਰ ਅੰਦਰ ਮੌਜੂਦ ਰਹੇ। ਸ਼ਾਮ ਛੇ ਵਜੇ ਨਿਗਰਾਨ ਇੰਜਨੀਅਰ ਵੱਲੋਂ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਮਗਰੋਂ ਕਿਸਾਨਾਂ ਵਲੋਂ ਘਿਰਾਓ ਖਤਮ ਕੀਤਾ ਗਿਆ। ਰੋਸ ਧਰਨੇ ’ਚ ਕਿਸਾਨ ਆਗੂ ਜਗਤਾਰ ਸਿੰਘ ਲੱਡੀ, ਜਸਵੀਰ ਸਿੰਘ ਗੱਗੜਪੁਰ, ਅਮਨਦੀਪ ਸਿੰਘ ਮਹਿਲਾਂ ਆਦਿ ਸ਼ਾਮਲ ਸਨ।