ਪੱਤਰ ਪ੍ਰੇਰਕ
ਲਹਿਰਾਗਾਗਾ, 20 ਜੂਨ
ਭਾਜਪਾ ਆਗੂ ਸੁਨੀਲ ਜਾਖੜ ਨੇ ਅੱਜ ਪਿੰਡ ਰਾਏਧਰਾਣਾ ਵਿੱਚ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਾਲਾਤ ਕਾਬੂ ਕਰਨ ਦੀ ਥਾਂ ਆਪਣੀਆਂ ਸਿਆਸੀ ਕਿੜਾਂ ਕੱਢ ਰਹੇ ਹਨ, ਜਿਸ ਕਰਕੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਤੇ ਰੋਜ਼ਾਨਾ ਲੁੱਟਾਂ-ਖੋਹਾਂ ਤੇ ਹੱਤਿਆਵਾਂ ਵਰਗੀਆਂ ਗੰਭੀਰ ਵਾਰਦਾਤਾਂ ਵਾਪਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜੇਕਰ ਸੂਬੇ ਦੇ ਹਾਲਾਤ ਕਾਬੂ ਹੇਠ ਨਾ ਆਏ ਤਾਂ ਪੰਜਾਬ ਵਿੱਚ ਮੁੜ 1990ਵਿਆਂ ਵਾਲਾ ਹਾਲ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਢਿੱਲੋਂ ਨੂੰ ਸੰਸਦ ਵਿੱਚ ਭੇਜਣ ਤਾਂ ਜੋ ਕੇਂਦਰ ਸਰਕਾਰ ਨਾਲ ਜੁੜੇ ਮਸਲੇ ਹੱਲ ਕਰਵਾਏ ਜਾ ਸਕਣ। ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਢਿੱਲੋਂ ਪੰਜਾਬ ਲਈ ਲਾਭਕਾਰੀ ਯੋਜਨਾਵਾਂ ਲਿਆਉਣਗੇ।