ਪ੍ਰੋ. ਸੰਦੀਪ ਸਿੰਘ
ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਨੂੰ ਕਲਾ ਵਿਰਾਸਤ ’ਚੋਂ ਮਿਲੇ। ਮਨੁੱਖ ਦੇ ਆਪਣੇ ਸ਼ੌਕ, ਸਿੱਖਣ ਦੀ ਲਗਨ ਤੇ ਚੌਗਿਰਦੇ ਵਿੱਚ ਵਿਚਰ ਰਹੇ ਪਲਾਂ ਨੂੰ ਮਾਣਦੇ ਹੋਏ ਮਨੁੱਖ ਕਦੋਂ ਉਸ ਕਲਾ ਵਿੱਚ ਰੰਗਿਆ ਜਾਂਦਾ ਹੈ, ਉਸ ਨੂੰ ਖ਼ੁਦ ਵੀ ਨਹੀਂ ਪਤਾ ਲੱਗਦਾ। ਇਸ ਦੀ ਬੇਮਿਸਾਲ ਉਦਾਰਹਣ ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਕਸਬੇ ਦੇ ਲਾਗਲੇ ਪਿੰਡ ਖਨਾਲ ਕਲਾਂ ਦਾ ਉੱਭਰਦਾ ਚਿੱਤਰਕਾਰ ਅਰਸ਼ਦੀਪ ਸਿੰਘ ਹੈ। ਉਸ ਨੇ ਪਿੰਡ ਦੀਆਂ ਕੱਚੀਆਂ ਗਲੀਆਂ ਤੋਂ ਲੰਮਾ ਪੈਂਡਾ ਆਪਣੀ ਕਲਾ ਦੇ ਜ਼ਰੀਏ ਤੈਅ ਕੀਤਾ। ਆਪਣੇ ਨਾਮ ਅਰਸ਼ਦੀਪ ਦੇ ਅਰਥਾਂ ਨੂੰ ਆਪਣੀ ਕਲਾ ਰਾਹੀਂ ਵਧੇਰੇ ਸਾਰਥਕ ਢੰਗ ਨਾਲ ਸਪੱਸ਼ਟ ਕਰਦਿਆਂ ਉਸ ਨੇ ਆਪਣੇ ਇਲਾਕੇ ਤੇ ਆਪਣੀਆਂ ਵਿਦਿਅਕ ਸੰਸਥਾਵਾਂ ਦਾ ਨਾਮ ਅਰਸ਼ ਵਿੱਚ ਇੱਕ ਦੀਪ ਦੀ ਤਰ੍ਹਾਂ ਜਗਮਗਾਇਆ ਹੈ। ਉਹ ਆਪਣੀ ਕਲਾ ਦਾ ਲੋਹਾ ਅੰਤਰਰਾਸ਼ਟਰੀ ਪੱਧਰ ਤੱਕ ਮਨਵਾ ਚੁੱਕਿਆ ਹੈ।
ਚਿੱਤਰਕਾਰ ਅਰਸ਼ਦੀਪ ਸਿੰਘ ਦਾ ਜਨਮ 12 ਜਨਵਰੀ, 2001 ਵਿੱਚ ਮਾਤਾ ਜਸਵਿੰਦਰ ਕੌਰ ਤੇ ਪਿਤਾ ਗੁਰਦਿਆਲ ਸਿੰਘ ਦੇ ਘਰ ਹੋਇਆ। 10ਵੀਂ ਤੱਕ ਦੀ ਵਿਦਿਆ ਉਸ ਨੇ ਆਪਣੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਨਾਲ ਕਲਾਂ ਤੋਂ ਪ੍ਰਾਪਤ ਕੀਤੀ। ਇੱਥੇ ਉਸ ਨੇ ਆਪਣੇ ਕੋਮਲ ਹੱਥਾਂ ਦੀ ਛੋਹ ਨਾਲ ਕੋਰੇ ਕਾਗਜ਼ ਨੂੰ ਬੇਹੱਦ ਮਨਮੋਹਕ ਰੰਗਾਂ ਨਾਲ ਲਬਰੇਜ਼ ਕਰਕੇ ਉਸ ਨੂੰ ਸ਼ਾਨਦਾਰ ਚਿੱਤਰ ਦਾ ਰੂਪ ਦੇ ਕੇ ਉਸ ਦੇ ਸੁਹੱਪਣ ਵਿੱਚ ਵਾਧਾ ਕੀਤਾ ਅਤੇ ਕਲਾ ਵੱਲ ਜਾਂਦੇ ਆਪਣੇ ਕੱਲਰੇ ਰਾਹ ਨੂੰ ਜਰਖੇਜ਼ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਨਾਲ ਕਲਾਂ ਵਿੱਚ ਪੜ੍ਹਦਿਆਂ ਇਸ ਚਿੱਤਰਕਾਰ ਵਿੱਚ ਸਮੋਏ ਕਲਾਤਮਕ ਰੰਗਾਂ ਨੂੰ ਮਾਸਟਰ ਸੁਖਵਿੰਦਰ ਸਿੰਘ ਨੇ ਅਜਿਹਾ ਉਘਾੜਿਆ ਜਿਸ ਸਦਕਾ ਇਸ ਨੇ ਚਿੱਤਰਕਾਰੀ ਮੁਕਾਬਲਿਆਂ ’ਚ ਚੰਗੇ ਮੁਕਾਮ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਚਾਰ-ਚੁਫ਼ੇਰੇ ਮਹਿਕਾਇਆ।
ਸੈਕੰਡਰੀ ਪੱਧਰ ਦੀ ਪੜ੍ਹਾਈ ਸੰਪੂਰਨ ਹੋਣ ਉਪਰੰਤ ਅਰਸ਼ਦੀਪ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਬੀ.ਐੱਸਸੀ ਦੀ ਪੜ੍ਹਾਈ ਵਿੱਚ ਦਾਖਲਾ ਲਿਆ। ਇੱਥੇ ਉਸ ਨੂੰ ਕਾਲਜ ਦੇ ਫਾਈਨ ਆਰਟਸ ਵਿਭਾਗ ਵਿੱਚ ਆਪਣੀ ਕਲਾ ਨੂੰ ਹੋਰ ਵਧੇਰੇ ਤਰਾਸ਼ਣ ਦਾ ਮੌਕਾ ਮਿਲਿਆ।
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ’ਚ ਅਰਸ਼ਦੀਪ ਦੀ ਕਲਾ ਦੇ ਹੁਨਰ ਨੇ ਉਸ ਦੇ ਗਲ ਨੂੰ ਹਮੇਸ਼ਾਂ ਸੋਨ ਤਮਗਿਆਂ ਨਾਲ ਸਜਾਇਆ ਹੈ। ਸ਼ਾਇਦ ਹੀ ਕੋਈ ਅਜਿਹਾ ਮੁਕਾਬਲਾ ਹੋਵੇ ਜਿਸ ’ਤੇ ਉਸ ਦੀ ਕਲਾ ਦੀ ਸਰਦਾਰੀ ਕਾਇਮ ਨਾ ਹੋਈ ਹੋਵੇ। ਉਹ ਰਾਜ ਪੱਧਰੀ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਆਪਣੀ ਕਲਾ ਦੇ ਰੰਗ ਬਿਖੇਰ ਕੇ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕਰ ਚੁੱਕਾ ਹੈ। ਕਰੋਨਾ ਸਮੇਂ ਦੌਰਾਨ ਕਰਵਾਏ ਗਏ ਅਨੇਕ ਆਨਲਾਈਨ ਮੁਕਾਬਲਿਆਂ ਵਿੱਚ ਵੀ ਅਰਸ਼ਦੀਪ ਨੇ ਆਪਣੀ ਕਲਾ ਵਿੱਚ ਸਰਦਾਰੀ ਨੂੰ ਕਾਇਮ ਰੱਖਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਸਮਾਜ ਦੇ ਚਲੰਤ ਮੁੱਦਿਆਂ ’ਤੇ ਉਹ ਆਪਣੇ ਮਨ ਦੇ ਭਾਵਾਂ ਦਾ ਪ੍ਰਗਟਾਅ ਆਪਣੀ ਕਲਾ ਵਿਧਾ ਦੀਆਂ ਵੱਖ-ਵੱਖ ਵੰਨਗੀਆਂ ਜਿਵੇਂ ਕਿ ਕਾਰਟੂਨਿੰਗ, ਪੋਰਟਰੇਟ, ਕਲੇਅ-ਮਾਡਲਿੰਗ ਅਤੇ ਲਾਈਵ ਪੇਟਿੰਗ ਰਾਹੀਂ ਬਾਖੂਬੀ ਢੰਗ ਨਾਲ ਕਰਦਾ ਹੈ। ਰਾਜਨੀਤਿਕ ਮੁੱਦਿਆਂ ’ਤੇ ਉਸ ਵੱਲੋਂ ਬਣਾਏ ਗਏ ਕਾਰਟੂਨਾਂ ਵਿੱਚ ਉਸ ਦਾ ਕੋਈ ਸਾਨੀ ਨਹੀਂ। ਲੁਧਿਆਣਾ ਵਿਖੇ ਬੇਰਹਿਮੀ ਨਾਲ ਕਤਲ ਕੀਤੀ ਨੰਨ੍ਹੀ ਦਿਲਰੋਜ਼ ਨੂੰ ਆਪਣੀ ਕਲਾ ਰਾਹੀਂ ਨਿੱਘੀ ਸ਼ਰਧਾਜਲੀ ਭੇਂਟ ਕੀਤੀ। ਉਸ ਦੇ ਦਿਲਕਸ਼ ਚਿੱਤਰ ਜ਼ਿੰਦਗੀ ਦੇ ਬੇਰੰਗੇ ਰੰਗਾਂ ਨੂੰ ਰੰਗ ਕੇ ਲੋਕਾਈ ਨੂੰ ਟਿਕਟਿਕੀ ਲਗਾ ਕੇ ਦੇਖਣ ਲਈ ਮਜਬੂਰ ਕਰਦੇ ਹਨ। ਇਨ੍ਹਾਂ ਚਿੱਤਰਾਂ ਨੂੰ ਵੇਖਣ ਵਾਲਿਆਂ ਦੀਆਂ ਨਜ਼ਰਾਂ ਅਕਸਰ ਇਹ ਮੰਨਣ ਤੋਂ ਮੁਨਕਰ ਹੋ ਜਾਂਦੀਆਂ ਹਨ ਕਿ ਇਹ ਅਸਲ ਵਿੱਚ ਹੱਥਾਂ ਨਾਲ ਬਣਾਏ ਗਏ ਹਨ।
ਅੱਜਕੱਲ੍ਹ ਅਰਸ਼ਦੀਪ ਆਪਣੀ ਕਲਾ ਰਾਹੀਂ ਉਪਜੀਵਕਾ ਵੀ ਕਮਾ ਰਿਹਾ ਹੈ ਤੇ ਆਪਣੇ ਕਾਲਜ ਦੀ ਫੀਸ ਕਲਾ ਤੋਂ ਪ੍ਰਾਪਤ ਆਮਦਨ ਰਾਹੀਂ ਅਦਾ ਕਰ ਰਿਹਾ ਹੈ। ਕਲਾ ਹੀ ਉਸ ਦੀ ਇਬਾਦਤ ਹੈ। ਉਮੀਦ ਹੈ ਉਹ ਭਵਿੱਖ ਵਿੱਚ ਵਧੇਰੇ ਮਕਬੂਲ ਚਿੱਤਰਕਾਰ ਵਜੋਂ ਆਪਣੀ ਅਮਿੱਟ ਪਛਾਣ ਬਣਾਏਗਾ।
ਸੰਪਰਕ: 99884-26106