ਮਿਹਰ ਸਿੰਘ
ਕੁਰਾਲੀ, 19 ਅਪਰੈਲ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵੱਸੇ ਪੰਜਾਬ ਦੇ ਆਖ਼ਰੀ ਪਿੰਡ ਮਿਰਜ਼ਾਰਪੁਰ ਨੂੰ ਬੱਦੀ (ਹਿਮਾਚਲ ਪ੍ਰਦੇਸ਼) ਨਾਲ ਜੋੜਨ ਵਾਲੇ ਪੁਰਾਣੇ ਰਸਤੇ ਨੂੰ ਲੈ ਕੇ ਪਿੰਡ ਵਾਸੀਆਂ ਦੇ ਇੱਕ ਵਫ਼ਦ ਵੱਲੋਂ ਸੂਬੇ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕਰ ਕੇ ਆਪਣਾ ਦੁੱਖੜਾ ਸੁਣਾਇਆ ਗਿਆ। ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਕੀਤੀ। ਜੰਗਲਾਤ ਮੰਤਰੀ ਨੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਹਦਾਇਤ ਕੀਤੀ।
ਪਿੰਡ ਦੇ ਪਤਵੰਤਿਆਂ ਦਿਲਾ ਰਾਮ, ਗੁਰਚਰਨ ਸਿੰਘ, ਸ਼ੰਕਰ ਦਾਸ, ਕਪਿਲ ਸ਼ਰਮਾ ਅਤੇ ਛਿੰਦਰ ਸਿੰਘ ਨੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਦਿਆਂ ਦੱਸਿਆ ਕਿ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜੀਵਨ ਬਤੀਤ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ। ਪਿੰਡ ਵਾਸੀਆਂ ਦੀ ਸਹੂਲਤ ਲਈ ਬੱਦੀ (ਹਿਮਾਚਲ ਪ੍ਰਦੇਸ਼) ਨੂੰ ਜੋੜਦਾ ਕੱਚਾ ਰਸਤਾ ਕਾਫੀ ਸਾਲਾਂ ਤੋਂ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਰਸਤਾ ਪਿੰਡ ਦੇ ਲੋਕਾਂ ਦੀ ਮਲਕੀਅਤ ਹੈ ਜਦਕਿ ਜੰਗਲਾਤ ਵਿਭਾਗ ਇਸ ਰਸਤੇ ਨੂੰ ਬੰਦ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਰਸਤੇ ਵਿੱਚ ਦਰੱਖ਼ਤ ਲਗਾ ਕੇ ਇਸ ਨੂੰ ਜੰਗਲ ਦਿਖਾ ਕੇ ਆਪਣਾ ਅਧਿਕਾਰ ਜਮਾਉਣਾ ਚਾਹੁੰਦੇ ਹਨ।
ਪਿੰਡ ਵਾਸੀਆਂ ਨੇ ਭਗਵਾਨਪੁਰਾ-ਘਨੌਲੀ, ਕਕੌਟ-ਝੀੜਾ, ਬਰਦਾਰ-ਭੁਨੜੀ, ਤਾਰਾਪੁਰ-ਦਾਸੋਮਾਜਰਾ, ਸੀਸਵਾਂ-ਨਵਾਂਨਗਰ ਆਦਿ ਅਜਿਹੇ ਹੀ ਰਸਤਿਆਂ ਦੀਆਂ ਉਦਹਾਰਨਾਂ ਦਿੱਤੀਆਂ, ਜਿਨ੍ਹਾਂ ਰਾਹੀਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪਿੰਡ ਹਿਮਾਚਲ ਪ੍ਰਦੇਸ਼ ਨਾਲ ਜੁੜੇ ਹੋਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਦੇ ਇਸ ਰਸਤੇ ਨੂੰ ‘ਪ੍ਰਧਾਨ ਮੰਤਰੀ ਸੜਕ ਯੋਜਨਾ’ ਜਾਂ ਕਿਸੇ ਹੋਰ ਸਕੀਮ ਤਹਿਤ ਪੱਕਾ ਕੀਤਾ ਜਾਵੇ ਤਾਂ ਜੋ ਪਿੰਡ ਦੇ ਲੋਕ ਸੱਨਅਤੀ ਸ਼ਹਿਰ ਬੱਦੀ ਵਿੱਚ ਰੁਜ਼ਗਾਰ ਲਈ ਆਸਾਨੀ ਨਾਲ ਆ-ਜਾ ਸਕਣ। ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਵਾਸੀਆਂ ਦੀ ਗੱਲ ਧਿਆਨ ਨਾਲ ਸੁਣਦਿਆਂ ਮੌਕੇ ’ਤੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਲੋਕ ਵਿਰੋਧੀ ਕਾਰਵਾਈ ਰੋਕਣ ਅਤੇ ਪਿੰਡ ਵਾਸੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਦੀ ਹਦਾਇਤ ਕੀਤੀ। ਸ੍ਰੀ ਕਟਾਰੂਚੱਕ ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕਰਦਿਆਂ ਨਿਸ਼ਾਨਦੇਹੀ ਹੋਣ ਤੱਕ ਰਸਤੇ ਨੂੰ ਬੰਦ ਕਰਨ ਜਾਂ ਕਿਸੇ ਵੀ ਹੋਰ ਕਾਰਵਾਈ ਤੋਂ ਗੁਰੇਜ਼ ਕਰਨ ਦੀ ਹਦਾਇਤ ਵੀ ਕੀਤੀ। ਜੰਗਲਾਤ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਸਗੋਂ ਨੇਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।