ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵਿਰੁੱਧ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਨੇ ਮੁਹਾਲੀ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਨਵਾਂ ਅਪਰਾਧਿਕ ਕੇਸ ਦਰਜ ਕੀਤਾ ਹੈ।
ਲਾਰੈਂਸ ’ਤੇ ਆਪਣੇ ਦੋ ਭਰਾਵਾਂ ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਦਾ ਦੋਸ਼ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਦੇ ਦੋਵੇਂ ਭਰਾਵਾਂ ਅਤੇ ਉਨ੍ਹਾਂ ਨੂੰ ਜਾਅਲੀ ਪਾਸਪੋਰਟ ਰਾਹੀਂ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਨੂੰ ਵੀ ਨਾਮਜ਼ਦ ਕੀਤਾ ਹੈ। ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਦੀ ਜਾਂਚ ਟੀਮ ਨੇ ਅੱਜ ਲਾਰੈਂਸ ਬਿਸ਼ਨੋਈ ਨੂੰ ਮੁਹਾਲੀ ਦੀ ਜੁਡੀਸ਼ਲ ਮੈਜਿਸਟਰੇਟ ਸੋਨਾਲੀ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 10 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਤੇ ਲਾਰੈਂਸ ਨੂੰ 29 ਅਗਸਤ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਅਦਾਲਤੀ ਪੇਸ਼ੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਦਫ਼ਤਰ ਖਰੜ ਲਿਆਂਦਾ ਗਿਆ ਜਿੱਥੇ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਉਸ ਤੋਂ ਪੁੱਛ ਪੜਤਾਲ ਕੀਤੀ। ਜਾਅਲੀ ਪਾਸਪੋਰਟ ਮਾਮਲੇ ਵਿੱਚ ਪੰਜਾਬ ਪੁਲੀਸ ’ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿਉਂਕਿ ਕਿਸੇ ਵੀ ਵਿਅਕਤੀ ਦਾ ਪਾਸਪੋਰਟ ਬਣਾਉਣ ਤੋਂ ਪਹਿਲਾਂ ਪੁਲੀਸ ਦੀ ਵੈਰੀਫ਼ਿਕੇਸ਼ਨ ਅਹਿਮ ਮੰਨੀ ਜਾਂਦੀ ਹੈ।
ਬਟਾਲਾ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਨਾ ਵਧਾਇਆ
ਬਟਾਲਾ (ਹਰਜੀਤ ਸਿੰਘ ਪਰਮਾਰ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਰਿਮਾਂਡ ਖਤਮ ਹੋਣ ’ਤੇ ਪੁਲੀਸ ਨੇ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਪੁਲੀਸ ਵੱਲੋਂ ਆਪਣੇ ਵਕੀਲ ਰਾਹੀਂ ਹੋਰ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਗੈਂਗਸਟਰ ਦਾ ਹੋਰ ਰਿਮਾਂਡ ਨਹੀਂ ਦਿੱਤਾ। ਦੱਸਣਯੋਗ ਹੈ ਕਿ ਫਤਿਹਗੜ੍ਹ ਚੂੜ੍ਹੀਆਂ ਵਿੱਚ ਲੰਘੇ ਵਰ੍ਹੇ ਕਤਲ ਕੀਤੇ ਗਏ ਇੱਕ ਸਾਬਕਾ ਗੈਂਗਸਟਰ ਅਤੇ ਪ੍ਰਾਪਰਟੀ ਡੀਲਰ ਸਤਨਾਮ ਸਿੰਘ ਸੱਤੂ ਦੇ ਕਤਲ ਕੇਸ ਵਿੱਚ ਬਿਸ਼ਨੋਈ ਨੂੰ 12 ਅਗਸਤ ਨੂੰ ਬਟਾਲਾ ਅਦਾਲਤ ਨੇ 8 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਸੀ। ਅਦਾਲਤ ਵੱਲੋਂ ਹੋਰ ਰਿਮਾਂਡ ਨਾ ਦਿੱਤੇ ਜਾਣ ਕਾਰਨ ਗੈਂਗਸਟਰ ਨੂੰ ਮੁਹਾਲੀ ਪੁਲੀਸ ਹਵਾਲੇ ਕਰ ਦਿੱਤਾ ਗਿਆ।