ਸੁਖਮੰਦਰ ਸਿੰਘ ਤੂਰ
ਭੌਤਿਕ, ਆਰਥਿਕ ਅਤੇ ਭਾਵਨਾਤਮਕ ਸੁੱਖਾਂ ਨਾਲ ਭਰਪੂਰ ਜੀਵਨ ਦੀ ਚਾਹਤ ਕਿਸ ਨੂੰ ਨਹੀਂ ਹੁੰਦੀ, ਪਰ ਸੁੱਖ ਨਾਲ ਭਰਪੂਰ ਜ਼ਿੰਦਗੀ ਜਿਉਣ ਬਾਅਦ ਵੀ ਜੇਕਰ ਤ੍ਰਿਪਤੀ ਨਾ ਹੋਵੇ ਤਾਂ ਕੁਝ ਨਹੀਂ। ਮਨ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ। ਦਾਰਸ਼ਨਿਕ ਇਸ ਵਿਸ਼ੇ ’ਤੇ ਲੰਮੀ ਬਹਿਸ ਕਰ ਸਕਦੇ ਹਨ, ਪਰ ਮਨੋਵਿਗਿਆਨਕਾਂ ਅਨੁਸਾਰ ਆਤਮ ਸੰਤੁਸ਼ਟੀ ਅਤੇ ਆਪਣੇ ਤੇ ਸੰਸਾਰ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਹੀ ਵਿਅਕਤੀ ਦੀ ਖੁਸ਼ੀ ਹੁੰਦੀ ਹੈ।
ਸੱਚ ਹੀ ਤਾਂ ਹੈ ਕਿ ਜੀਵਨ ਵਿੱਚ ਅਸੀਂ ਜੋ ਕੁਝ ਕਰਦੇ ਹਾਂ, ਉਸ ਦਾ ਇੱਕੋ-ਇੱਕ ਮੰਤਵ ਖੁਸ਼ੀਆਂ ਨੂੰ ਹਾਸਲ ਕਰਨਾ ਹੀ ਹੁੰਦਾ ਹੈ। ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਮਹੱਤਵਪੂਰਨ ਹੈ, ਜਿਵੇਂ ਪਿਆਰ, ਵਿਸ਼ਵਾਸ, ਸਫਲਤਾ, ਦੋਸਤੀ, ਰਿਸ਼ਤਾ, ਚਾਹਤ, ਪੈਸਾ ਆਦਿ ਸਭ ਖੁਸ਼ੀਆਂ ਨੂੰ ਇਕੱਠਾ ਕਰਨ ਦੇ ਸਾਧਨ ਹਨ। ਖੁਸ਼ੀਆਂ ਨਾ ਘੱਟ ਹੁੰਦੀਆਂ ਹਨ ਤੇ ਨਾ ਹੀ ਜ਼ਿਆਦਾ। ਖੁਸ਼ੀਆਂ ਤਾਂ ਸਿਰਫ਼ ਖੁਸ਼ੀਆਂ ਹੀ ਹੁੰਦੀਆਂ ਹਨ, ਅਰਥਾਤ ਮਨ ਦੀ ਸੰਤੁਸ਼ਟੀ ਅਤੇ ਸਬਰ। ਕੌਣ, ਕਿਵੇਂ ਤੇ ਕਿਸ ਹਾਲਾਤ ਵਿੱਚ ਖੁਸ਼ ਰਹੇਗਾ, ਇਹ ਤਾਂ ਨਾ ਕੋਈ ਮਨੋਵਿਗਿਆਨਕ ਦੱਸ ਸਕਦਾ ਹੈ ਤੇ ਨਾ ਹੀ ਕੋਈ ਦਾਰਸ਼ਨਿਕ, ਕਿਉਂਕਿ ਹਰ ਵਿਅਕਤੀ ਦੀ ਖੁਸ਼ੀ ਉਸ ਦੇ ਆਸ-ਪਾਸ ਦੀਆਂ ਪਰਿਸਥਿਤੀਆਂ ਦੀ ਦੇਣ ਹੈ। ਕੋਈ ਕਿਸੇ ਦੇ ਚਾਹੁਣ ਜਾਂ ਨਾ ਚਾਹੁਣ ਤੋਂ ਖੁਸ਼ ਨਹੀਂ ਰਹਿ ਸਕਦਾ।
ਖੁਸ਼ੀਆਂ ਦਾ ਮਾਪਦੰਡ ਹਰ ਵਿਅਕਤੀ ਲਈ ਵੱਖਰਾ-ਵੱਖਰਾ ਹੁੰਦਾ ਹੈ। ਖੁਸ਼ੀ ਮਨ ਦੀ ਅਜਿਹੀ ਸਥਿਤੀ ਹੈ, ਜਿਸ ਦਾ ਕੋਈ ਪੈਮਾਨਾ ਨਹੀਂ। ਕਿਸੇ ਲਈ ਇਹ ਪਿਆਰ ਵਿੱਚ ਹੈ ਤਾਂ ਕਿਸੇ ਲਈ ਰਿਸ਼ਤੇ ਆਦਿ ਵਿੱਚ। ਕੋਈ ਪੈਸੇ ਵਿੱਚ ਖੁਸ਼ੀ ਲੱਭਦਾ ਹੈ ਤੇ ਕਿਸੇ ਲਈ ਉਚਿੱਤ ਵਿਦਿਆ ਖੁਸ਼ੀ ਲੈ ਕੇ ਆਉਂਦੀ ਹੈ। ਕਿਸੇ ਨੂੰ ਸਫਲ ਵਪਾਰ ਖੁਸ਼ੀ ਦਿੰਦਾ ਹੈ, ਕਿਸੇ ਲਈ ਬੱਚਿਆਂ ਦਾ ਉੱਜਲ ਭਵਿੱਖ ਖੁਸ਼ੀਆਂ ਲੈ ਕੇ ਆਉਂਦਾ ਹੈ। ਕਿਸੇ ਨੂੰ ਮਾਂ-ਬਾਪ ਦੀ ਸੇਵਾ ਕਰਨ ਵਿੱਚ ਖੁਸ਼ੀ ਮਿਲਦੀ ਹੈ।
ਦੰਪਤੀ ਜੀਵਨ ਵਿੱਚ ਖੁਸ਼ੀਆਂ ਪਾਉਣ ਲਈ ਪਤੀ-ਪਤਨੀ ਦੋਹਾਂ ਨੂੰ ਇੱਕ- ਦੂਸਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ, ਸਵਾਰਥਾਂ ਦਾ ਤਿਆਗ ਕਰਕੇ ਪਰਿਵਾਰ ਦੇ ਹਿੱਤ ਵਿੱਚ ਨਿਰਣਾ ਲੈ ਕੇ ਗ੍ਰਹਿਸਥੀ ਚਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪਰਸਪਰ ਪ੍ਰੇਮ ਨੂੰ ਸਮਝ ਕੇ ਵਿਆਹ ਦੇ ਕਰਤੱਵਾਂ ਪ੍ਰਤੀ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸੁਖੀ ਦੰਪਤੀ ਜੀਵਨ ਖੁਸ਼ੀਆਂ ਦੀ ਨੀਂਹ ’ਤੇ ਆਧਾਰਿਤ ਹੁੰਦਾ ਹੈ। ਵਿਆਹ ਆਪਣੇ-ਆਪ ਸਫਲ ਨਹੀਂ ਹੁੰਦੇ, ਸਗੋਂ ਇਨ੍ਹਾਂ ਨੂੰ ਸਫਲ ਬਣਾਉਣ ਲਈ ਦੋਹਾਂ ਨੂੰ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਬੱਚਿਆਂ ਦੇ ਜਨਮ ਨਾਲ ਪਤੀ-ਪਤਨੀ ਦੇ ਸੁਪਨਿਆਂ ਦਾ ਕੇਂਦਰ ਬੱਚੇ ਹੋ ਜਾਂਦੇ ਹਨ। ਉਹ ਕੀ ਖਾਣਗੇ, ਕੀ ਪਾਉਣਗੇ, ਕਿਹੜੇ ਸਕੂਲ ਜਾਣਗੇ, ਵੱਡੇ ਹੋ ਕੇ ਕੀ ਬਣਨਗੇ?, ਇਨ੍ਹਾਂ ਛੋਟੀਆਂ- ਛੋਟੀਆਂ ਗੱਲਾਂ ਵਿੱਚ ਖੁਸ਼ੀਆਂ ਲੱਭਦੇ ਪਤੀ-ਪਤਨੀ ਆਪਸ ਵਿੱਚ ਹੋਰ ਵੀ ਜੁੜ ਜਾਂਦੇ ਹਨ। ਵਧਦੀ ਜ਼ਿੰਮੇਵਾਰੀ ਕਿਸੇ ਮੋੜ ’ਤੇ ਪਰੇਸ਼ਾਨ ਜ਼ਰੂਰ ਕਰਦੀ ਹੈ, ਪਰ ਜ਼ਿੰਮੇਵਾਰੀਆਂ ਨਾਲ ਜੁੜਿਆ ਭਾਰ ਖੁਸ਼ੀਆਂ ਨੂੰ ਜ਼ਰਾ ਵੀ ਘੱਟ ਨਹੀਂ ਕਰਦਾ।
ਕੁਝ ਮਨੋਵਿਗਿਆਨੀਆਂ ਦੇ ਸਰਵੇਖਣਾਂ ਬਾਅਦ ਇਹ ਨਤੀਜੇ ਵੀ ਸਾਹਮਣੇ ਆਏ ਹਨ ਕਿ ਸਿਰਫ਼ ਵਿਆਹ ਦਾ ਸਫਲ ਹੋਣਾ ਹੀ ਮਨੁੱਖ ਨੂੰ ਖੁਸ਼ ਨਹੀਂ ਰੱਖ ਸਕਦਾ, ਕਿਉਂਕਿ ਕਈ ਅਣਵਿਆਹੇ ਇਸਤਰੀ /ਪੁਰਸ਼ ਵੀ ਬੜੇ ਖੁਸ਼ ਅਤੇ ਸੰਤੁਸ਼ਟ ਨਜ਼ਰ ਆਉਂਦੇ ਹਨ। ਮਨੋਵਿਗਿਆਨੀਆਂ ਅਨੁਸਾਰ ਜੀਵਨ ਵਿੱਚ ਕੀਤੇ ਗਏ ਕਈ ਛੋਟੇ-ਮੋਟੇ ਕੰਮ ਜੋ ਆਤਮ ਸੰਤੁਸ਼ਟੀ ਪ੍ਰਦਾਨ ਕਰਦੇ ਹੋਣ ਅਤੇ ਮਨੁੱਖੀ ਜੀਵਨ ਅਤੇ ਸਮਾਜ ਦੇ ਹਿੱਤ ਵਿੱਚ ਅਰਥਪੂਰਨ ਹੋਣ, ਉਹ ਖੁਸ਼ੀਆਂ ਦਾ ਖ਼ਜ਼ਾਨਾ ਹੁੰਦੇ ਹਨ।
ਖੁਸ਼ੀਆਂ ਪਾਉਣ ਲਈ ਵਿਚਾਰਾਂ ਦਾ ਸਕਾਰਾਤਮਕ ਹੋਣਾ ਵੀ ਬਹੁਤ ਜ਼ਰੂਰੀ ਹੈ। ਜੋ ਲੋਕ ਇਹ ਚਾਹੁੰਦੇ ਹਨ ਕਿ ਜ਼ਿੰਦਗੀ ਦਾ ਹਰ ਪਲ ਖੁਸ਼ੀਆਂ ਨਾਲ ਲਬਰੇਜ਼ ਹੋਵੇ ਤੇ ਗ਼ਮ ਕਦੀ ਨਾ ਆਉਣ, ਉਹ ਇਕਦਮ ਮੂਰਖਤਾ ਵਾਲੀਆਂ ਗੱਲਾਂ ਕਰਦੇ ਹਨ। ਪਰਿਵਰਤਨ ਜੀਵਨ ਦਾ ਕਠੋਰ ਸੱਚ ਹੈ। ਇਸ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ, ਗ਼ਮ ਅਤੇ ਖੁਸ਼ੀ ਇੱਕ ਹੀ ਜੀਵਨ ਦੇ ਦੋ ਪਹਿਲੂ ਹਨ। ਉਤਰਾਅ-ਚੜ੍ਹਾਅ ਹੀ ਤਾਂ ਜੀਵਨ ਨੂੰ ਰੰਗੀਨ ਬਣਾਉਂਦੇ ਹਨ, ਨਹੀਂ ਤਾਂ ਜ਼ਿੰਦਗੀ ਨੀਰਸ ਅਤੇ ਬੇਜਾਨ ਹੋ ਜਾਵੇਗੀ।
ਇਸ ਮਨੁੱਖੀ ਸਮਾਜ ਵਿੱਚ ਪੂਰੀ ਤਰ੍ਹਾਂ ਸੁਖੀ ਕੋਈ ਵੀ ਨਹੀਂ ਹੈ। ਹਰ ਇੱਕ ਅੰਦਰ ਕੋਈ ਨਾ ਕੋਈ ਤਕਲੀਫ਼ ਜ਼ਰੂਰ ਥਾਂ ਬਣਾ ਕੇ ਬੈਠੀ ਹੋਈ ਹੁੰਦੀ ਹੈ, ਪਰ ਜੀਵਨ ਹਮੇਸ਼ਾਂ ਇਕੋ ਜਿਹਾ ਨਹੀਂ ਰਹਿੰਦਾ। ਜਿਸ ਤਰ੍ਹਾਂ ਹਰ ਰਾਤ ਬਾਅਦ ਸਵੇਰ ਦਾ ਆਗਾਜ਼ ਹੁੰਦਾ ਹੈ, ਉਸੇ ਤਰ੍ਹਾਂ ਗ਼ਮ ਮਗਰੋਂ ਸੁੱਖਾਂ ਦੀ ਪ੍ਰਾਪਤੀ ਵੀ ਹੁੰਦੀ ਹੈ। ਇਹੀ ਉਮੀਦ ਤੁਹਾਨੂੰ ਸੁਖੀ ਬਣਾ ਸਕਦੀ ਹੈ। ਨਿਰਾਸ਼ਾ ਦੁੱਖਾਂ ਦੀ ਜਣਨੀ ਹੈ, ਜਿਵੇਂ ਵੱਡੀ ਲਕੀਰ ਖਿੱਚਦੇ ਹੀ ਛੋਟੀ ਲਕੀਰ ਨੂੰ ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹੈ, ਉਸੇ ਤਰ੍ਹਾਂ ਹੀ ਗ਼ਮਾਂ ਦੇ ਥਪੇੜਿਆਂ ਦੀ ਤਪਸ਼ ਬਾਅਦ ਹੀ ਸੁੱਖਾਂ ਦੀ ਬਹਾਰ ਠੰਢੀ ਲੱਗਦੀ ਹੈ। ਸੱਚ ਤਾਂ ਇਹ ਹੈ ਕਿ ਖੁਸ਼ੀਆਂ ਇਤਰ ਦੀ ਖੁਸ਼ਬੂ ਸਮਾਨ ਹੁੰਦੀਆਂ ਹਨ। ਜੇਕਰ ਤੁਸੀਂ ਖੁਸ਼ੀਆਂ ਨਾਲ ਭਰਪੂਰ ਹੋ ਕੇ ਚਹਿਕੋਗੇ ਤਾਂ ਤੁਹਾਡੇ ਆਸ-ਪਾਸ ਦਾ ਮਾਹੌਲ ਵੀ ਮਹਿਕ ਉਠੇਗਾ, ਪਰ ਮਨੁੱਖ ਦੀ ਫਿਤਰਤ ਹੈ ਕਿ ਉਸ ਕੋਲ ਜੋ ਹੁੰਦਾ ਹੈ, ਉਸ ਨੂੰ ਉਸ ਨਾਲ ਸਰੋਕਾਰ ਨਹੀਂ ਹੁੰਦਾ ਅਤੇ ਜੋ ਨਹੀਂ ਹੁੰਦਾ , ਉਸ ਦੀ ਚਾਹਤ ਉਸ ਨੂੰ ਹਰ ਪਲ ਰਹਿੰਦੀ ਹੈ। ਇਸੇ ਚਾਹਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਉਸ ਦੀ ਸਾਰੀ ਉਮਰ ਲੰਘ ਜਾਂਦੀ ਹੈ ਅਤੇ ਹੱਥ ਆਉਂਦੀ ਹੈ ਸਿਰਫ਼ ਅਸੰਤੁਸ਼ਟੀ। ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਨਾ ਤਾਂ ਆਪ ਖੁਸ਼ ਰਹਿ ਸਕਦੇ ਹਨ ਅਤੇ ਨਾ ਹੀ ਦੂਸਰਿਆਂ ਨੂੰ ਖੁਸ਼ ਵੇਖ ਸਕਦੇ ਹਨ। ਆਪਣੇ-ਆਪ ਨੂੰ ਵਿਚਾਰਗੀ ਅਤੇ ਲਾਚਾਰੀ ਵਿੱਚ ਵੇਖਣਾ ਇਨ੍ਹਾਂ ਦੀ ਫਿਤਰਤ ਬਣ ਜਾਂਦੀ ਹੈ। ਅਨੁਕੂਲ ਹਾਲਤ ਵੀ ਇਨ੍ਹਾਂ ਨੂੰ ਪ੍ਰਤੀਕੂਲ ਲੱਗਦੇ ਹਨ, ਜਦੋਂਕਿ ਖੁਸ਼ਦਿਲ ਵਿਅਕਤੀਤਵ ਵਾਲੇ ਲੋਕ ਜੰਗਲ ਵਿੱਚ ਮੰਗਲ ਕਰਨ ਦੀ ਹਿੰਮਤ ਰੱਖਦੇ ਹਨ।