ਗਗਨਦੀਪ ਅਰੋੜਾ
ਲੁਧਿਆਣਾ, 20 ਅਗਸਤ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਜਾਂਚ ਕਰਨ ’ਚ ਲੱਗੀ ਵਿਜੀਲੈਂਸ ਬਿਊਰੋ ਰੇਂਜ ਦੀ ਟੀਮ ਨੂੰ ਕਈ ਅਹਿਮ ਸਬੂਤ ਮਿਲੇ ਹਨ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਸ ਮੀਨੂੰ ਪੰਕਜ ਮਲਹੋਤਰਾ ਆਤਮ ਸਮਰਪਣ ਕਰ ਦੇਵੇ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਮੁਲਜ਼ਮ ਦੇ ਪਿਤਾ ਨੂੰ ਵੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ, ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਮੁਲਜ਼ਮ ਦੇ ਨਜ਼ਦੀਕੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਉੱਧਰ, ਵਿਜੀਲੈਂਸ ਦੀ ਟੀਮ ਨੇ ਇਸ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਨੂੰ ਅਦਾਲਤ ’ਚ ਪੇਸ਼ ਕਰਕੇ ਅੱਜ ਮੁੜ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਉਸ ਕੋਲੋਂ ਲਗਾਤਾਰ ਕੀਤੀ ਜਾ ਰਹੀ ਪੁੱਛ-ਪੜਤਾਲ ਦੌਰਾਨ ਪੁਲੀਸ ਹੱਥ ਕਈ ਸਬੂਤ ਲੱਗੇ ਹਨ। ਇਸ ਤੋਂ ਇਲਾਵਾ ਕਈ ਵੱਡੇ ਕਾਂਗਰਸੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਹਨ।
ਵਿਜੀਲੈਂਸ ਵੱਲੋਂ ਤੇਲੂ ਰਾਮ ਦੇ ਮੋਬਾਈਲ ਫੋਨ ਤੇ ਬੈਂਕ ਖਾਤਿਆਂ ਦਾ ਵੇਰਵਾ ਵੀ ਕਢਵਾਇਆ ਜਾ ਰਿਹਾ ਹੈ, ਜਿਸ ਤੋਂ ਪੈਸਿਆਂ ਦੇ ਲੈਣ-ਦੇਣ ਸਬੰਧੀ ਜਾਣਕਾਰੀ ਮਿਲ ਸਕੇਗੀ। ਜ਼ਿਕਰਯੋਗ ਹੈ ਕਿ ਮੀਨੂੰ ਪੰਕਜ ਦਾ ਨਾਮ ਸਾਬਕਾ ਕੈਬਨਿਟ ਵਜ਼ੀਰ ਭਾਰਤ ਭੂਸ਼ਣ ਆਸ਼ੂ ਦੇ ਸਭ ਤੋਂ ਨਜ਼ਦੀਕੀ ਤੇ ਭਰੋਸੇਯੋਗ ਸਾਥੀਆਂ ’ਚ ਸ਼ਾਮਲ ਹੈ।