ਨਵੀਂ ਦਿੱਲੀ, 21 ਜੁਲਾਈ
ਸੀਬੀਆਈ ਨੇ ਗੁਜਰਾਤ ਕੇਡਰ ਦੇ ਆਈਏਐਸ ਅਧਿਕਾਰੀ ਕੇ ਰਾਜੇਸ਼ ਖ਼ਿਲਾਫ਼ ਅਸਲਾ ਲਾਇਸੈਂਸ ਜਾਰੀ ਕਰਨ ਵਿੱਚ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀ ’ਤੇ ਅਯੋਗ ਲੋਕਾਂ ਨੂੰ ਲਾਇਸੈਂਸ ਜਾਰੀ ਕਰਨ ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ਜਾਂਚ ਏਜੰਸੀ ਨੇ ਚਾਰਜਸ਼ੀਟ ਵਿੱਚ ਇੱਕ ਪ੍ਰਾਈਵੇਟ ਫਰਮ ਦੇ ਮਾਲਕ ਰਫੀਕ ਮੇਮਨ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੇ ਸਾਬਕਾ ਕੁਲੈਕਟਰ ਰਾਜੇਸ਼ ਦਾ ਕਥਿਤ ਸਾਥੀ ਸੀ। ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਕਥਿਤ ਤੌਰ ‘ਤੇ 98,000 ਰੁਪਏ ਦੀ ਰਿਸ਼ਵਤ ਦੀ ਰਕਮ ਉਕਤ ਲੋਕ ਸੇਵਕ ਦੇ ਨਿਰਦੇਸ਼ਾਂ ‘ਤੇ ਮੇਮਨ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਗਈ ਸੀ। ਇਹ ਰਕਮ ਰਿਸ਼ਵਤ ਦਾ ਹਿੱਸਾ ਸੀ, ਜੋ ਸਰਕਾਰੀ ਅਧਿਕਾਰੀ ਰਾਜੇਸ਼ ਵੱਲੋਂ ਮੰਗੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੇਮਨ ਤੇ 2011 ਬੈਚ ਦੇ ਆਈਏਐਸ ਅਧਿਕਾਰੀ ਨੇ ਇਕ ਪ੍ਰਾਈਵੇਟ ਵਿਅਕਤੀ ਦੇ ਨਾਂ ’ਤੇ ਖਰੀਦਦਾਰੀ ਦੇ ਚਾਰ ਫਰਜ਼ੀ ਚਲਾਨ ਬਣਾਏ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨੇ ਕੱਪੜੇ ਵੇਚੇ ਸਨ, ਜਦੋਂ ਕਿ ਇਹ ਚਾਰੇ ਚਲਾਨ ਕਿਸੇ ਹੋਰ ਜਾਂ ‘ਸਰ’ ਦੇ ਨਾਂ ’ਤੇ ਸਨ। ਉਨ੍ਹਾਂ ਕਿਹਾ ਕਿ ਰਾਜੇਸ਼ ਨੂੰ ਬਚਾਉਣ ਲਈ ਮੇਮਨ ਦੁਆਰਾ ਸੀਬੀਆਈ ਨੂੰ ਸੌਂਪੇ ਗਏ ਚਾਰੇ ਚਲਾਨ ਕਥਿਤ ਤੌਰ ‘ਤੇ ਉਸ ਦੇ ਕੰਪਿਊਟਰ ‘ਤੇ ਛੇੜਛਾੜ ਕਰਕੇ ਤਿਆਰ ਕੀਤੇ ਗਏ ਸਨ। ਸੀਬੀਆਈ ਨੇ ਕੇਸ ਦੀ ਜਾਂਚ ਦੌਰਾਨ ਰਾਜੇਸ਼ ਅਤੇ ਮੇਮਨ ਨੂੰ ਗ੍ਰਿਫ਼ਤਾਰ ਕੀਤਾ ਸੀ। -ਏਜੰਸੀ