ਡੀਪੀਐੱਸ ਬੱਤਰਾ
ਸਮਰਾਲਾ, 18 ਮਈ
ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਡਾ. ਮਨਮੋਹਨ (ਆਈਪੀਐੱਸ) ਦੇ ਨਾਵਲ ‘ਸਹਜ ਗੁਫਾ ਮਹਿ ਆਸਣੁ’ ਤੇ ਸਾਹਿਤਕ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੀ ਪ੍ਰਧਾਨਗੀ ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਅਤੇ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕੀਤੀ ਗਈ। ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਦਮੀ ਨੇ ਬਤੌਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਇਕਬਾਲ ਸਿੰਘ ਨੇ ਸ਼ਿਰਕਤ ਕੀਤੀ। ਡਾ. ਮਨਮੋਹਨ ਨਾਲ ਜਾਣ ਪਛਾਣ ਜਗਦੀਪ ਸਿੱਧੂ ਨੇ ਕਰਵਾਈ। ਮੁੱਖ ਬੁਲਾਰਿਆਂ ਅਮਰਜੀਤ ਸਿੰਘ ਗਰੇਵਾਲ, ਡਾ. ਯੋਗਰਾਜ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਦੇਸਰਾਜ ਕਾਲੀ ਅਤੇ ਡਾ. ਤੇਜਿੰਦਰ ਨੇ ਡਾ. ਮਨਮੋਹਨ ਦੇ ਦਾਰਸ਼ਨਿਕ ਪ੍ਰਵਿਰਤੀ ਦੇ ਨਾਵਲ ਦਾ ਸੰਖੇਪ ਰੂਪ ਵਿੱਚ ਸਾਰ ਆਪਣੀਆਂ ਟਿੱਪਣੀਆਂ ਸਹਿਤ ਸੁਣਾਇਆ। ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਇਹ ਨਾਵਲ ਮਨੁੱਖ ਦੇ ਮਨ ਅੰਦਰਲੀ ਪ੍ਰਕਿਰਤੀ ਦਾ ਵਰਨਣ ਕਰਦਾ ਦਾਰਸ਼ਨਿਕ ਨਾਵਲ ਹੈ। ਇਸ ਮੌਕੇ ਗੁਰਚਰਨ ਸਿੰਘ ਭੰਗੂ ਦੁਆਰਾ ਲਿਖੀ ਪੁਸਤਕ ‘ਜੁੱਤੀ ਕਸੂਰੀ …’ ਨੂੰ ਪ੍ਰਧਾਨਗੀ ਮੰਡਲ ਦੁਆਰਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਦੂਸਰੇ ਪੜਾਅ ਵਿੱਚ ਕਵੀ ਦਰਬਾਰ ਨੇ ਅਲੱਗ ਹੀ ਰੰਗ ਬੰਨ੍ਹ ਦਿੱਤਾ। ਇਸ ਵਿੱਚ ਸੁਰਜੀਤ ਜੀਤ, ਗੁਲ ਚੌਹਾਨ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਪ੍ਰਭਜੋਤ ਸੋਹੀ, ਰਵਿੰਦਰ ਰਵੀ, ਰਬਿੰਦਰ ਸਿੰਘ ਰੱਬੀ, ਜਲੌਰ ਸਿੰਘ ਖੀਵਾ, ਡਾ. ਸੁਖਪਾਲ, ਯਤਿੰਦਰ ਮਾਹਲ, ਰਮਨਦੀਪ ਖਮਾਣੋਂ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ, ਪ੍ਰੇਮ ਸਿੰਘ, ਸੁਰਜੀਤ ਸੁਮਨ ਨੇ ਆਪੋ ਆਪਣੇ ਕਲਾਮ ਸੁਣਾਏ। ਇਸ ਤੋਂ ਇਲਾਵਾ ਜਗਦੀਪ ਸਿੱਧੂ, ਡਾ. ਲਖਵਿੰਦਰ ਜੌਹਲ ਅਤੇ ਡਾ. ਸੁੁਰਜੀਤ ਪਾਤਰ ਨੇ ਆਪਣੀਆਂ ਸ਼ਾਨਦਾਰ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ।