ਨਵੀਂ ਦਿੱਲੀ: ਸ਼ਿਵ ਸੈਨਾ ਦੇ ਬਾਗੀ ਆਗੂ ਰਾਹੁਲ ਸ਼ਿਵਾਲੇ ਨੇ ਅੱਜ ਕਿਹਾ ਕਿ ਊਧਵ ਠਾਕਰੇ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜਿੱਤਣ ਵਾਲਾ ਚਿਹਰਾ ਨਹੀਂ ਸਨ, ਇਸ ਵਾਸਤੇ ਉਨ੍ਹਾਂ ਲਈ ਭਾਜਪਾ ਨਾਲ ਗੱਠਜੋੜ ਕਰਨਾ ਜ਼ਰੂਰੀ ਹੋ ਗਿਆ ਸੀ। ਸ਼ਿਵਾਲੇ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਠਾਕਰੇ ਨਾਲ ਇਕ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਲਈ ਅਗਵਾਈ ਦਾ ਮੁੱਦਾ ਉਠਾਇਆ ਸੀ। ਮੀਟਿੰਗ ਵਿੱਚ ਸੰਜੈ ਰਾਊਤ ਵੀ ਮੌਜੂਦ ਸਨ। ਰਾਊਤ ਨੇ ਚੋਣਾਂ ਲਈ ਚਿਹਰੇ ਵਜੋਂ ਠਾਕਰੇ ਵੱਲ ਇਸ਼ਾਰਾ ਕੀਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਠਾਕਰੇ ਦਾ ਸਨਮਾਨ ਕਰਦੇ ਹਾਂ ਪਰ ਸਾਨੂੰ ਅਸਲੀਅਤ ਨੂੰ ਕਬੂਲਣਾ ਹੋਵੇਗਾ। ਉਹ ਲੋਕ ਸਭਾ ਚੋਣਾਂ ਲਈ ਚਿਹਰਾ ਨਹੀਂ ਹੋ ਸਕਦੇ।’’ -ਪੀਟੀਆਈ