ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਮਾਡਲ ਟਾਊਨ ਇਲਾਕੇ ਦੇ ਇੱਕ ਰੈਸਤਰਾਂ ਵਿੱਚ ਲੰਘੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜਨਮ ਦਿਨ ਦੀ ਪਾਰਟੀ ਵਿੱਚ ਬੱਚਿਆਂ ਦੀ ਸਿਹਤ ਵਿਗੜ ਗਈ। ਪਾਰਟੀ ਦਾ ਪ੍ਰਬੰਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਸ਼ਾਇਦ ਖਾਣੇ ਵਿੱਚ ਕੋਈ ਖਰਾਬੀ ਹੋਣ ਕਾਰਨ ਬੱਚੇ ਬਿਮਾਰ ਹੋ ਗਏ। ਪਾਰਟੀ ਵਿੱਚ ਆਏ ਲੋਕਾਂ ਨੇ ਜਦੋਂ ਰੈਸਤਰਾਂ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਤਾਂ ਉਹ ਅੱਗਿਓਂ ਭੜਕ ਗਏ ਤੇ ਦੋਵੇਂ ਧਿਰਾਂ ਵਿਚਾਲੇ ਝੜਪ ਹੋ ਗਈ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਪਾਰਟੀ ਦੌਰਾਨ ਬੱਚੇ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਕਰ ਰਹੇ ਸਨ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਖਾਣੇ ਵਿੱਚ ਕੋਈ ਖਰਾਬੀ ਸੀ। ਰੈਸਤਰਾਂ ਪ੍ਰਬੰਧਕ ਗੁਰਮਿੰਦਰ ਸਿੱਧੂ ਤੇ ਯਾਸਿਰ ਨੇ ਕਿਹਾ ਕਿ ਜਿਸ ਹਾਲ ’ਚ ਪਾਰਟੀ ਰੱਖੀ ਗਈ ਸੀ, ਉੱਥੇ ਭੀੜ ਹੋਣ ਕਾਰਨ ਆਕਸੀਜਨ ਦੀ ਘਾਟ ਪੈਦਾ ਹੋਣ ਕਾਰਨ ਬੱਚਿਆਂ ਦੀ ਸਿਹਤ ਵਿਗੜੀ ਹੋ ਸਕਦੀ ਹੈ।