ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜੂਨ
ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਨਾਰਾਜ਼ ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਡਾਕਟਰਾਂ ਵਲੋਂ ਵਿੱਢੇ ਸੰਘਰਸ਼ ਦੇ ਦੂਸਰੇ ਦਿਨ ਅੱਜ ਪਟਿਆਲਾ ਮੈਡੀਕਲ ਕਾਲਜ ਵਿਖੇ ਤਨਖਾਹ ਕਮਿਸ਼ਨ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੇ ਨਾਲ ਹੀ ਮੈਡੀਕਲ ਅਤੇ ਡੈਂਟਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿੱਚ ਓਪੀਡੀ ਅਤੇ ਅਪਰੇਸ਼ਨ ਥੀਏਟਰ ਸੇਵਾਵਾਂ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਰੋਸ ਵਜੋਂ ਤਿੰਨ ਘੰਟੇ ਲਈ ਬੰਦ ਰੱਖੀਆਂ ਗਈਆਂ। ਇਸ ਦੌਰਾਨ ਹੀ ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਅਤੇ ਐਕਸ਼ਨ ਕਮੇਟੀ ਮੈਂਬਰਾਂ ਵੱਲੋ ਮੀਟਿੰਗ ਵੀ ਕੀਤੀ ਗਈ। ਮੰਗ ਕੀਤੀ ਗਈ ਕਿ ਮੁੱਖ ਮੰਤਰੀ ਵਲੋਂ ਦਖਲ ਦੇ ਮਸਲਾ ਹੱਲ ਕੀਤਾ ਜਾਵੇ। ਡਾਕਟਰ ਆਗੂਆਂ ਅਨੁਸਾਰ ਕਰੋਨਾ ਦੌਰਾਨ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾ ਕੇ ਦਿਨ ਰਾਤ ਡਿਊਟੀਆਂ ਕਰਨ ਵਾਲੇ ਡਾਕਟਰ ਸਰਕਾਰ ਦੇ ਇਸ ਫੈਸਲੇ ਉਪਰੰਤ ਮਾਯੂਸ ਹਨ। ਐਸੋਸੀਏਸ਼ਨ ਦੇ ਕਾਰਜਕਾਰੀ ਸਟੇਟ ਪ੍ਰਧਾਨ ਡਾ. ਵਿਜੇ ਬੋਦਲ, ਰਾਜਸੀ ਜਨਰਲ ਸਕੱਤਰ ਡਾ. ਡੀਐੱਸ. ਭੁੱਲਰ, ਜਾਇੰਟ ਸਕੱਤਰ ਡੈਂਟਲ ਡਾ. ਨਵਜੋਤ ਸਿੰਘ ਖੁਰਾਨਾ, ਪਟਿਆਲਾ ਇਕਾਈ ਦੇ ਜਨਰਲ ਸਕੱਤਰ ਡਾ. ਦਰਸ਼ਨਜੀਤ ਸਿੰਘ ਵਾਲੀਆ, ਵਿੱਤ ਸਕੱਤਰ ਡਾ. ਪ੍ਰੀਤਇੰਦਰ ਸਿੰਘ ਚਹਿਲ ਸਮੇਤ 30 ਤੋਂ ਵੱਧ ਐਕਸ਼ਨ ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਦਿਆਂ ਐਲਾਨ ਕੀਤਾ ਗਿਆ ਕਿ ਮੰਗਾਂ ਨਾ ਮੰਨਣ ਤੱਕ ਡਾਕਟਰਾਂ ਵਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।