ਗੁਰਦੇਵ ਸਿੰਘ ਗਹੂੰਣ
ਬਲਾਚੌਰ, 20 ਅਗਸਤ
ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲਗਪਗ 22 ਦਿਨਾਂ ਬਾਅਦ ਹੋਈ ਬਾਰਿਸ਼ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਬਲਾਚੌਰ ਤਹਿਸੀਲ ਵਿੱਚ ਜੁਲਾਈ ਦੇ ਆਖਰੀ ਹਫਤੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੂਰਾ ਇਲਾਕਾ ਸੋਕੇ ਵਰਗੀ ਸਥਿਤੀ ਨਾਲ ਜੂਝ ਰਿਹਾ ਸੀ। ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਨਾਲ-ਨਾਲ ਮੱਕੀ ਤੇ ਚਾਰੇ ਦੀਆਂ ਫਸਲਾਂ ਨੂੰ ਲਗਪਗ ਪਿਛਲੇ 10 ਦਿਨਾਂ ਤੋਂ ਪਾਣੀ ਲਗਾਉਣਾ ਪੈ ਰਿਹਾ ਸੀ। ਬਰਸਾਤ ਦੇ ਇਨ੍ਹਾਂ ਦਿਨਾਂ ਦੌਰਾਨ ਹੁੰਮਸ ਅਤੇ ਸੋਕੇ ਵਰਗੀ ਸਥਿਤੀ ਬਣਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕੇ ਭਰ ਵਿੱਚ ਬਾਅਦ ਦੁਪਹਿਰ ਅੱਧਾ ਕੁ ਘੰਟਾ ਹੋਈ ਮੋਹਲੇਧਾਰ ਬਾਰਿਸ਼ ਨਾਲ ਜਲ-ਥਲ ਹੋ ਗਿਆ ਜਿਸ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ। ਉਂਝ ਹੁੰਮਸ ਤੋਂ ਲੋਕਾਂ ਨੂੰ ਕੋਈ ਰਾਹਤ ਨਾ ਮਿਲੀ।