ਪੱਤਰ ਪ੍ਰੇਰਕ
ਚੰਡੀਗੜ੍ਹ, 8 ਜਨਵਰੀ
‘ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕਰਿਟੀਸਿਜ਼ਮ’ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਡਾ. ਮੋਹਨਜੀਤ ਦੀ ਕਾਵਿ-ਕਿਤਾਬ ‘ਇਕ ਲੀਕ ਮੇਰੀ ਵੀ’ ਉੱਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਮੰਚ ਦੇ ਸੰਸਾਥਪਕ ਡਾ. ਯੋਗਰਾਜ ਨੇ ਕਿਹਾ ਕਿ ਮੋਹਨਜੀਤ ਦੀ ਕਵਿਤਾ ਕਈ ਪੜਾਵਾਂ ਵਿੱਚੋਂ ਲੰਘੀ ਹੈ। ਜੇ ਇਨ੍ਹਾਂ ਦੀ ਕਵਿਤਾ ਨੂੰ ਇੱਕ ਵਿਚਾਰਧਾਰਾ ਤੋਂ ਸਮਝਣ ਦਾ ਯਤਨ ਕਰੀਏ ਤਾਂ ਕੋਈ ਅਜਿਹਾ ਅੰਦੋਲਨ ਜਾਂ ਘਟਨਾਕ੍ਰਮ ਨਹੀਂ ਹੈ ਜਿਸ ਬਾਰੇ ਮੋਹਨਜੀਤ ਨੇ ਕਵਿਤਾ ਨਾ ਲਿਖੀ ਹੋਵੇ।
ਆਲੋਚਕ ਡਾ. ਸਰਬਜੀਤ ਨੇ ਕਿਹਾ ਕਿ ਮੋਹਨਜੀਤ ਕਵਿਤਾ, ਅਨੁਵਾਦ, ਚਿੰਤਨ ਵਿਚ ਲਗਾਤਾਰ ਪੰਜਾਹ ਸਾਲਾਂ ਤੋਂ ਸਰਗਰਮ ਹੈ। ਉਨ੍ਹਾਂ ਦੀ ਕਵਿਤਾ ਮਨੁੱਖ ਤੇ ਕਿਰਤ ਕੇਂਦਰਤ ਹੁੰਦੀ ਹੈ। ਮੋਹਨਜੀਤ ਆਰੰਭ ਵਿਚ ਅਬਸਰਡ ਕਵਿਤਾ ਲਿਖਦਾ ਸੀ ਬਾਅਦ ਵਿਚ ਸਮੇਂ ਨਾਲ ਖਹਿਣ ਵਾਲੀ ਕਵਿਤਾ ਲਿਖਣ ਲੱਗਾ। ਉਨ੍ਹਾਂ ਕਿਹਾ ਕਿ ਕਵਿਤਾ ਉਹੀ ਸਾਰਥਕ ਹੈ, ਜੋ ਸਮੇਂ ਨਾਲ ਖਹਿ ਕੇ ਲੰਘੇ।
ਡਾ. ਰਾਜੇਸ਼ ਨੇ ਕਿਹਾ ਕਿ ਮੋਹਨਜੀਤ ਨੇ ਕਿਤਾਬ ਵਿਚ ਬਹੁਤ ਮਹੱਤਵਪੂਰਨ ਮੁੱਦੇ ਛੋਹੇ ਹਨ। ਨੌਜਵਾਨ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਪਹਿਲਾਂ ਕਲਾ ਵਿੱਚ ਸੂਖਮ ਤੇ ਸਥੂਲ ਪ੍ਰਭਾਵਾਂ ਦੀ ਗੱਲ ਕੀਤੀ। ਖੋਜ ਵਿਦਿਆਰਥੀ ਜਸ਼ਨਪ੍ਰੀਤ ਨੇ ਕਿਤਾਬ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਤਾਬ ਦੀ ਆਦਿਕਾ ਤੇ ਅੰਤਿਕਾ ਸਾਡੇ ਲਈ ਮਹੱਤਵਪੂਰਨ ਹੈ। ਮੰਚ ਦੇ ਸੰਸਥਾਪਕ ਡਾ. ਯੋਗਰਾਜ ਨੇ ਕਿਹਾ ਕਿ ਅਗਲੇ ਸਮਾਗਮਾਂ ’ਚ ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਈ ਜਾਵੇਗੀ।