ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਕੋਲੇ ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਲੋਹਾ (ਸਰੀਆ), ਇੱਟਾਂ ਅਤੇ ਸੀਮਿੰਟ ਆਦਿ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਜੰਗ ਕਾਰਨ ਪਹਿਲਾਂ ਹੀ ਖਾਣ-ਪੀਣ ਲਈ ਵਰਤੇ ਜਾਣ ਵਾਲੇ ਤੇਲ, ਘਿਉ, ਆਟਾ ਅਤੇ ਵੱਖ-ਵੱਖ ਤਰ੍ਹਾਂ ਦੇ ਸਾਬਣਾਂ ਦੀਆਂ ਕੀਮਤਾਂ ਵਧ ਚੁੱਕੀਆਂ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਇਕ ਹਫਤਾ ਪਹਿਲਾਂ ਇਕ ਮੀਟਰਿਕ ਟਨ ਕੋਲੇ ਦੀ ਕੀਮਤ 18,200 ਰੁਪਏ ਸੀ, ਜੋ ਹੁਣ ਵੱਧ ਕੇ 28,000 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਸਰੀਏ ਦੀ ਕੀਮਤ 63 ਰੁਪਏ ਤੋਂ ਵੱਧ ਕੇ 74 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇੱਟਾਂ ਦੀ ਕੀਮਤ ਛੇ ਹਜ਼ਾਰ ਤੋਂ ਵੱਧ ਕੇ ਸੱਤ ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਹੋ ਗਈ ਹੈ।
ਸੀਮਿੰਟ ਦੀ ਕੀਮਤ 380 ਰੁਪਏ ਤੋਂ 400 ਰੁਪਏ ਪ੍ਰਤੀ ਬੋਰੀ ਇਕ ਹਫਤੇ ਵਿਚ ਹੀ ਵੱਧ ਗਈ ਸੀ। ਵਪਾਰੀ ਵਰਗ ਦਾ ਕਹਿਣਾ ਕਿ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਰੂਸ ਤੋਂ ਆਉਂਦੀ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਰੂਸ ਇਸ ਵੇਲੇ ਵਿਸ਼ਵ ’ਚ ਕੋਲੇ ਦੀ ਵਧੇਰੇ ਪੈਦਾਵਾਰ ਵਾਲੇ ਦਸ ਮੁਲਕਾਂ ਦੀ ਸ਼੍ਰੇਣੀ ਵਿਚ ਹੈ।
ਪੰਜਾਬ ਬਰਿੱਕ ਕਲਿਨ ਅੋਨਰ ਐਸੋਸੀਏਸ਼ਨ ਦੇ ਇੰਦਰਜੀਤ ਵਰਮਾ ਨੇ ਦੱਸਿਆ ਕਿ ਕੋਲੇ ਦੀਆਂ ਕੀਮਤਾਂ ਵਿਚ ਵਾਧੇ ਦੇ ਰੁਝਾਨ ਖ਼ਿਲਾਫ਼ ਉਨ੍ਹਾਂ ਸੂਬੇ ਦੇ ਸਨਅਤ ਅਤੇ ਵਣਜ ਵਿਭਾਗ ਕੋਲ ਸ਼ਿਕਾਇਤ ਕੀਤੀ ਹੈ ਕਿ ਭੱਠਾ ਮਾਲਕਾਂ ਨੂੰ ਸੂਬਾਈ ਕੋਟੇ ਅਧੀਨ ਸਸਤਾ ਕੋਲਾ ਮੁਹੱਈਆ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਿਸ਼ਵ ਦੇ ਕੋਲਾ ਉਤਪਾਦਨ ਕਰਨ ਵਾਲੇ ਮੁਲਕਾਂ ਵਿੱਚ ਭਾਰਤ ਤੀਜੇ ਸਥਾਨ ’ਤੇ ਹੈ ਪਰ ਇਸ ਵੇਲੇ ਦੇਸ਼ ’ਚੋਂ ਘਰੇਲੂ ਖਪਤ ਲਈ ਕੋਲਾ ਨਹੀਂ ਮਿਲ ਰਿਹਾ।
ਇਸ ਦੌਰਾਨ ਪੈਟਰੋਲੀਅਮ ਪਦਾਰਥਾਂ ਦੇ ਵਪਾਰੀਆਂ ਨੇ ਦੱਸਿਆ ਕਿ ਇਸ ਜੰਗ ਦਾ ਪ੍ਰਭਾਵ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ।
ਹੋਰ ਵਸਤਾਂ ਵੀ ਹੋ ਸਕਦੀਆਂ ਹਨ ਮਹਿੰਗੀਆਂ
ਇੱਟਾਂ ਦੇ ਇੱਕ ਭੱਠੇ ਦੇ ਮਾਲਕ ਮੁਕੇਸ਼ ਨੰਦਾ, ਜੋ ਆਲ ਇੰਡੀਆ ਬਰਿੱਕ ਐਂਡ ਟਾਈਲ ਮੈਨੂਫੈਕਚਰਰ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਹਨ, ਨੇ ਦੱਸਿਆ ਕਿ ਕੋਲੇ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਜੰਗ ਕਾਰਨ ਕੀਮਤ ਵਿਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਲੇ ਨੂੰ ਸਨਅਤੀ ਖੇਤਰ ’ਚ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਅਤੇ ਇਸ ਦੀ ਕੀਮਤ ਵਿਚ ਵਾਧੇ ਨਾਲ ਹੋਰਨਾਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ।