ਗਗਨਦੀਪ ਅਰੋੜਾ
ਲੁਧਿਆਣਾ, 13 ਸਤੰਬਰ
ਇਥੇ ਆਪਣੇ ਭਰਾ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਾਲਜ ਜਾ ਰਹੀ ਪਿੰਡ ਭਾਗਪੁਰ ਦੀ ਲੜਕੀ ਰਮਨਦੀਪ ਕੌਰ ਨੂੰ ਟਿੱਪਰ ਨੇ ਦਰੜ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਉਥੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਕਾਲਜ ਦਾ ਸਟਾਫ਼ ਤੇ ਵਿਦਿਆਰਥੀਆਂ ਦੇ ਨਾਲ-ਨਾਲ ਪਿੰਡ ਭਾਗਪੁਰ ਦੇ ਲੋਕ ਕੁਹਾੜਾ ਚੌਕ ਪੁੱਜ ਗਏ। ਉਨ੍ਹਾਂ ਉੱਥੇ ਲਾਸ਼ ਦੇ ਨੇੜੇ ਹੀ ਧਰਨਾ ਲਾ ਕੇ ਜਾਮ ਲਾ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਦੇਰੀ ਨਾਲ ਆਉਣ ’ਤੇ ਲੋਕਾਂ ਨੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਟਰੱਕ ਚਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਕਾਲਜ ਸਟਾਫ਼ ਨੇ ਕਿਹਾ ਕਿ ਉਹ ਪਿਛਲੇ ਤਿੰਨ ਘੰਟਿਆਂ ਤੋਂ ਇੱਥੇ ਮੌਜੂਦ ਹਨ, ਕੋਈ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਨਹੀਂ ਆਇਆ। ਸਿਰਫ਼ ਇੰਸਪੈਕਟਰ ਉਨ੍ਹਾਂ ਨੂੰ ਭਰੋਸਾ ਦੇ ਰਹੇ ਹਨ ਕਿ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ। ਤਿੰਨ ਘੰਟੇ ਬਾਅਦ ਪਰਿਵਾਰ ਵਾਲਿਆਂ ਨੂੰ ਕਿਸੇ ਤਰ੍ਹਾਂ ਨਾਲ ਪੁਲੀਸ ਨੇ ਮਨਾਇਆ ਤੇ ਕਾਰਵਾਈ ਦਾ ਭਰੋਸਾ ਦੇ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਟਰੱਕ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਭਾਗਪੁਰ ਦੀ ਰਹਿਣ ਵਾਲੀ ਰਮਨਦੀਪ ਕੌਰ ਮਾਈ ਭਾਗੋ ਕਾਲਜ ’ਚ ਬੀਏ ਫਾਈਨਲ ਦੀ ਵਿਦਿਆਰਥਣ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਭਰਾ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਿਵੇਂ ਹੀ ਉਹ ਕੁਹੜਾ ਚੌਕ ਪੁੱਜੇ ਤਾਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਰਮਨਦੀਪ ਥੱਲੇ ਡਿੱਗ ਗਈ ਤੇ ਉਸ ਦਾ ਭਰਾ ਦੂਸਰੇ ਪਾਸੇ ਜਾ ਡਿੱਗਿਆ। ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਰਮਨਦੀਪ ਕੌਰ ਨੂੰ ਹੀ ਕੁਚਲ ਦਿੱਤਾ ਤੇ ਉਥੋਂ ਫ਼ਰਾਰ ਹੋ ਗਿਆ। ਜਦੋਂ ਤੱਕ ਰਮਨ ਦਾ ਭਰਾ ਕੁਝ ਕਰ ਪਾਉਂਦਾ, ਮੁਲਜ਼ਮ ਟਿੱਪਰ ਚਾਲਕ ਫ਼ਰਾਰ ਹੋ ਚੁੱਕਿਆ ਸੀ। ਰਮਨ ਦੀ ਹਾਦਸੇ ’ਚ ਮੌਤ ਦੀ ਖਬਰ ਮਿਲਦੇ ਹੀ ਕਾਲਜ ਪ੍ਰਬੰਧ ਮੌਕੇ ’ਤੇ ਪੁੱਜੇ ਤੇ ਉਸ ਦੇ ਨਾਲ-ਨਾਲ ਸਾਰੇ ਵਿਦਿਆਰਥੀ ਤੇ ਕਾਲਜ ਸਟਾਫ਼ ਵੀ ਆ ਗਿਆ। ਹੌਲੀ ਹੌਲੀ ਪਿੰਡ ਦੇ ਲੋਕ ਵੀ ਘਟਨਾ ਸਥਾਨ ’ਤੇ ਇਕੱਠੇ ਹੋ ਗਏ। ਸਾਰਿਆਂ ਨੇ ਪੁਲੀਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਚੌਕ ’ਚ ਕਈ ਹਾਦਸੇ ਹੋ ਚੁੱਕੇ ਹਨ, ਪਰ ਪੁਲੀਸ ਮੁਲਾਜ਼ਮ ਸਿਰਫ਼ ਟਰੈਫਿਕ ਕੰਟਰੋਲ ਕਰਨ ’ਚ ਲੱਗੇ ਰਹਿੰਦੇ ਹਨ। ਕਈ ਵਾਰ ਪੁਲੀਸ ਅਧਿਕਾਰੀਆਂ ਨੂੰ ਆਖਿਆ ਵੀ ਗਿਆ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸਦਾ ਖਾਮਿਆਜ਼ਾ ਬੱਚਿਆਂ ਨੂੰ ਜਾਨ ਦੇ ਕੇ ਚੁਕਾਉਣਾ ਪੈ ਰਿਹਾ ਹੈ। ਸਾਰਿਆਂ ਦੀ ਮੰਗ ਹੈ ਕਿ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਜਾਵੇ ਤਾਂ ਧਰਨਾ ਚੁੱਕਿਆ ਜਾਵੇਗਾ, ਪਰ ਪੁਲੀਸ ਨੇ ਕਿਸੇ ਤਰ੍ਹਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਤੇ ਕੇਸ ਦਰਜ ਕਰਨ ਤੇ ਪੋਸਟਮਾਰਟਮ ਤੋਂ ਬਾਅਦ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਅਤੇ ਧਰਨਾ ਚੁੱਕਵਾਇਆ। ਥਾਣਾ ਫੋਕਲ ਪੁਆਇੰਟ ਦੇ ਐੱਸਐੱਚਓ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਦੇ ਖਿਲ਼ਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਨੰਬਰ ਪੁਲੀਸ ਕੋਲ ਆ ਚੁੱਕਿਆ ਹੈ ਤੇ ਜਲਦੀ ਹੀ ਡਰਾਈਵਰ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।