ਪੱਤਰ ਪ੍ਰੇਰਕ
ਲਹਿਰਾਗਾਗਾ, 13 ਸਤੰਬਰ
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਅਧੀਨ ਪੈਂਦੇ ਸਬ ਡਿਵੀਜ਼ਨ ਲਹਿਰਾਗਾਗਾ ਦੇ ਪਿੰਡ ਹਰਿਆਓ, ਫਤਿਹਗੜ੍ਹ ਸਣੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਸਰਕਾਰ ਨੇ ਤੁਹਾਡੇ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਸਾਧਨ ਤਲਾਸ਼ਣੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਸਰਕਾਰ ਦਾ ਮੁੱਖ ਕੰਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਪੂਰੀ ਤਰ੍ਹਾਂ ਖਿਲਾਫ ਹੈ, ਭ੍ਰਿਸ਼ਟਾਚਾਰੀ ਚਾਹੇ ਕੋਈ ਹੋਵੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਵਿਚ ਸਰਕਾਰ ਵੱਲੋਂ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਆਪ ਆਗੂ ਕੰਵਰਜੀਤ ਸਿੰਘ ਕੁੱਕੀ ਲਦਾਲ, ਹਰਜੀਤ ਸਿੰਘ ਫਤਿਹਗੜ, ਬਾਬਾ ਭਾਵਾ ਦਾਸ ਹਰਿਆਉ, ਗੁਰਮੀਤ ਸਿੰਘ ਸਰਪੰਚ ਪਿੰਡ ਡਸਕਾ , ਰਛਪਾਲ ਸਿੰਘ ਨੰਬਰਦਾਰ ਹਾਜ਼ਰ ਸਨ।
ਚੌਕੀਦਾਰ ਐਸੋਸੀਏਸ਼ਨ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਆਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਮੀਟਿੰਗ ਕੀਤੀ ਗਈ। ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸਤਗੁਰ ਸਿੰਘ ਮਾਝੀ ਨੇ ਦੱਸਿਆ ਕਿ ਮੀਟਿੰਗ ਵਿੱਚ ਚੌਕੀਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਧਾਇਕ ਭਰਾਜ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈ ਕੇ ਜਲਦੀ ਹੀ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨਗੇ। ਇਸ ਮੌਕੇ ਮੁੱਖ ਮੰਤਰੀ ਦੇ ਨਾਂ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਦਿੱਤਾ ਗਿਆ। ਮੀਟਿੰਗ ਵਿੱਚ ਸਤਗੁਰ ਸਿੰਘ ਮਾਝੀ ਸੂਬਾ ਪ੍ਰਧਾਨ, ਬਲਜੀਤ ਸਿੰਘ ਬਡਰੁੱਖਾਂ ਜਨਰਲ ਸਕੱਤਰ ਪੰਜਾਬ, ਨਛੱਤਰ ਸਿੰਘ ਬਾਲੀਆਂ, ਗੁਰਨਾਮ ਸਿੰਘ ਬਖੋਪੀਰ ਆਦਿ ਚੌਕੀਦਾਰ ਹਾਜ਼ਰ ਸਨ।