ਖੇਤਰੀ ਪ੍ਰਤੀਨਿਧ
ਪਟਿਆਲਾ, 21 ਜੁਲਾਈ
ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਵਿਦੇਸ਼ ਵਿਚਲੇ ਮੋਬਾਈਲ ਨੰਬਰ ਤੋਂ ਪਿਛਲੇ ਦਿਨੀਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖਬਰ ਹੈ। ਇਸ ਸਬੰਧੀ ਉਸ ਨੇ ਐੱਸਐੱਸਪੀ ਦੀਪਕ ਪਾਰਿਕ ਨੂੰ ਪੱਤਰ ਵੀ ਲਿਖਿਆ ਹੈ। ਜ਼ਿਕਰਯੋਗ ਹੈ ਕਿ 29 ਅਪਰੈਲ ਨੂੰ ਹਰੀਸ਼ ਸਿੰਗਲਾ ਵੱਲੋਂ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦੀ ਕੋਸਿਸ਼ ਕੀਤੀ ਗਈ ਸੀ ਜਿਸ ਕਾਰਨ ਦੋ ਫਿਰਕਿਆਂ ’ਚ ਟਕਰਾਅ ਹੋ ਗਿਆ ਸੀ। ਇਸ ਦੇ ਚਲਦਿਆਂ ਸਿੰਗਲਾ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ। ਗੁਰਪਤਵੰਤ ਪਨੂੰ ਦੇ ਕਾਰਕੁਨਾਂ ਵੱਲੋਂ ਇਥੇ ਕਾਲੀ ਮਾਤਾ ਮੰਦਰ ਦੀ ਕੰਧ ’ਤੇ ਖਾਲਿਸਤਾਨ ਪੱਖੀ ਪੋਸਟਰ ਲਾਏ ਸਨ ਤਾਂ ਹਰੀਸ਼ ਸਿੰਗਲਾ ਨੇ ਐਲਾਨ ਕੀਤਾ ਸੀ ਕਿ ਜੇਕਰ ਮੁਲਜ਼ਮਾਂ ਨੂੰ ਹਫਤੇ ਅੰਦਰ ਨਾ ਫੜਿਆ ਗਿਆ ਤਾਂ ਉਹ ਖਾਲਿਸਤਾਨ ਵਿਰੋਧੀ ਮਾਰਚ ਕਰਨਗੇ।