ਹਰਦੀਪ ਸਿੰਘ ਸੋਢੀ
ਧੂਰੀ, 25 ਸਤੰਬਰ
ਸਥਾਨਕ ਸ਼ਹਿਰ ’ਚ ਦਾਖਲ ਹੋਣ ਵਾਲੇ ਜ਼ਿਆਦਾਤਰ ਰਸਤਿਆਂ ਦੀ ਹਾਲਤ ਖਸਤਾ ਹੋਣ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਖ਼ਰਾਬ ਰਸਤੇ ਹਾਦਸਿਆਂ ਦਾ ਸਬੱਬ ਸਾਬਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕਿ ਧੂਰੀ ਸ਼ਹਿਰ ’ਚ ਦਾਖਲ ਹੋਣ ਵਾਲੇ ਸੰਗਰੂਰ ਬਾਈਪਾਸ, ਮਾਲੇਰਕੋਟਲਾ ਬਾਈਪਾਸ, ਬਾਗੜੀਆਂ ਚੌਕ, ਨਵੀਂ ਅਨਾਜ ਮੰਡੀ ਰੋਡ, ਕਹੇਰੂ ਰੋਡ, ਕੱਕੜਵਾਲ ਚੌਕ ਤੋਂ ਬੱਸ ਸਟੈਂਡ ਰੋਡ ਸਮੇਤ ਕਈ ਰਸਤਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪਰਸੋਂ ਹੋਈ ਬਰਸਾਤ ਦੌਰਾਨ ਕਹੇਰੂ ਰੋਡ ਤੋਂ ਓਵਰਬਰਿਜ ’ਤੇ ਚੜ੍ਹਦੇ ਸਮੇਂ ਸੜਕ ’ਤੇ ਪਏ ਟੋਇਆਂ ’ਚ ਪਾਣੀ ਖੜ੍ਹਨ ਕਾਰਨ ਜਿੱਥੇ ਇਕ ਸਵਾਰੀਆਂ ਨਾਲ ਭਰਿਆ ਈ-ਰਿਕਸ਼ਾ ਪਲਟ ਗਿਆ, ਉਥੇ ਹੀ ਉਸੇ ਜਗਾ ’ਤੇ ਇਕ ਫੂਸ ਦੀ ਭਰੀ ਟਰਾਲੀ ਵੀ ਪਲਟ ਗਈ ਜਿਸ ਕਾਰਨ ਕਾਫੀ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਬੀ ਐਂਡ ਆਰ ਵਿਭਾਗ ਦੇ ਐਸ.ਡੀ.ਓ ਇੰਦਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਸੜਕ ਦੀ ਮੁਰੰਮਤ ਲਈ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਮਨਜ਼ੂਰੀ ਮਿਲਣ ’ਤੇ ਸੜਕ ਦੀ ਮੁਰੰਮਤ ਕੀਤੀ ਜਾਵੇਗੀ।