ਪਰਸ਼ੋਤਮ ਬੱਲੀ
ਬਰਨਾਲਾ, 22 ਜੂਨ
ਤੀਹ ਜਥੇਬੰਦੀਆਂ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਧਰਨੇ ਦੇ ਅੱਜ 265ਵੇਂ ਦਿਨ ਉਘੇ ਬੁੱਧੀਜੀਵੀ ਸੁਰਜੀਤ ਬਰਾੜ ਘੋਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਪਾਜ ਉਧੇੜੇ ਅਤੇ ਕਿਸਾਨਾਂ ਨੂੰ ਇਨ੍ਹਾਂ ਨੀਤੀਆਂ ਵਿਰੁੱਧ ਮੌਜੂਦਾ ਅੰਦੋਲਨ ਚਲਾਉਣ ਲਈ ਮੁਬਾਰਕਬਾਦ ਦਿੱਤੀ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਗੁਰਬਖਸ਼ ਸਿੰਘ ਕੱਟੂ, ਬਾਰਾ ਸਿੰਘ ਬਦਰਾ, ਧਰਮਪਾਲ ਕੌਰ, ਸੁਰਜੀਤ ਬਰਾੜ, ਸੁਖਦੇਵ ਸਿੰਘ ਖਾਲਸਾ ਤੇ ਬਲਵੰਤ ਸਿੰਘ ਠੀਕਰੀਵਾਲਾ ਸਣੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ‘ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ’ ਵਜੋਂ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਦੇ ਕਿਸਾਨ ਉਸ ਦਿਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਣ ਬਾਅਦ ਪੈਦਲ ਹੀ ਚੰਡੀਗੜ੍ਹ ਵੱਲ ਕੂਚ ਕਰਨਗੇ ਅਤੇ ਪੰਜਾਬ ਦੇ ਗਵਰਨਰ ਨੂੰ ਕਿਸਾਨ ਮੰਗਾਂ ਬਾਰੇ ਰੋਸ-ਪੱਤਰ ਸੌਂਪਣਗੇ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਕ ਨਿੱਜੀ ਪਟਰੋਲ ਪੰਪ ’ਤੇ ਚਲਾਏ ਜਾ ਰਹੇ ਧਰਨਿਆਂ ਵਿੱਚ ਅੱਜ ਕਿਸਾਨਾਂ ਨੇ ਕਾਨੂੰਨਾਂ ਦੀ ਨਿਖੇਧੀ ਹੀ ਨਹੀਂ ਕੀਤੀ, ਸਗੋਂ ਕਾਨੂੰਨ ਰੱਦ ਕਰਨ ਦੀ ਵੀ ਮੰਗ ਕੀਤੀ। ਧਰਨੇ ਵਿਚ ਦੇਵ ਬਰੇਟਾ, ਜੋਗਿੰਦਰ ਬੀਰੋਕੇ, ਚਰਨਜੀਤ ਤੇ ਛੋਟਾ ਸਿੰਘ ਨੇ ਕਾਨੂੰਨਾਂ ਵਿਰੋਧੀ ਗੀਤ ਵੀ ਗਾਏ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਮਹਿਲ ਕਲਾਂ ਵਿੱਚ ਪੱਕਾ ਧਰਨਾ ਲਗਾਤਾਰ ਜਾਰੀ ਹੈ ਅਤੇ ਲਗਭਗ 9 ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਮਹਿਲ ਕਲਾਂ ਵਿੱਚ ਪੈਂਦਾ ਟੌਲ ਪਲਾਜ਼ਾ ਵਾਹਨਾਂ ਲਈ ਮੁਫਤ ਕੀਤਾ ਹੋਇਆ ਹੈ। ਅੱਜ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਲਕੀਤ ਮਹਿਲ ਕਲਾਂ, ਭਾਗ ਸਿੰਘ ਕੁਰੜ ਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।