ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਬਰਸਾਤੀ ਮੌਸਮ ’ਚ ਰੇਤ ਖਣਨ ਦਾ ਕੰਮ ਬੰਦ ਹੋਣ ਦੇ ਬਾਵਜੂਦ ਰੇਤ ਮਾਫੀਆ ਇਲਾਕੇ ’ਚ ਸਰਗਰਮ ਹੈ। ਨੇੜਲੇ ਪਿੰਡ ਮਲਸੀਹਾਂ ਬਾਜਣ ਅਤੇ ਜਨੇਤਪੁਰਾ ਲਾਗਿਓਂ ਲੰਘਦੀ ਜੱਸੋਵਾਲ ਡਰੇਨ ’ਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਰੋਕਣ ਲਈ ਲੋਕ ਇਕੱਠੇ ਹੋ ਗਏ। ਇਸ ਦੀ ਸੂਚਨਾ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਦਿੱਤੀ ਗਈ ਤਾਂ ਉਹ ਆਪਣੀ ਟੀਮ ਲੈ ਕੇ ਖਣਨ ਵਾਲੀ ਥਾਂ ਪਹੁੰਚੇ ਗਏ। ਉਨ੍ਹਾਂ ਨੂੰ ਦੇਖ ਕੇ ਰੇਤ ਮਾਫੀਆ ਵਾਲੇ ਮੌਕੇ ਤੋਂ ਭੱਜ ਗਏ। ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਮੌਕੇ ਤੋਂ 7 ਟਰੈਕਟਰ ਟਰਾਲੀਆਂ ਅਤੇ ਇਕ ਜੇਸੀਬੀ ਫੜੀ ਗਈ ਅਤੇ ਪੁਲੀਸ ਨੂੰ ਵੀ ਸੱਦ ਲਿਆ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸੇ ਵੀ ਕੀਮਤ ’ਤੇ ਨਾਜਾਇਜ਼ ਖਣਨ ਨਹੀਂ ਹੋਣ ਦੇਵੇਗੀ ਕਿਉਂਕਿ ਅਜਿਹੀਆਂ ਗੱਲਾਂ ਤੋਂ ਅੱਕੇ ਲੋਕਾਂ ਨੇ ਹੀ ਅਕਾਲੀਆਂ ਤੇ ਕਾਂਗਰਸ ਨੂੰ ਨਕਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ। ਵੇਰਵਿਆਂ ਅਨੁਸਾਰ ਜੱਸੋਵਾਲ ਡਰੇਨੇਜ਼ ’ਚ ਰੇਤੇ ਦੀ ਨਾਜਾਇਜ਼ ਮਾਈਨਿੰਗ ਲਈ ਇਕ ਗਿਰੋਹ ਨੂੰ ਲੋਕਾਂ ਨੇ ਘੇਰਾ ਪਾਇਆ ਪਰ ਮਾਫੀਆ ਵਾਲੇ ਮੌਕੇ ਤੋਂ ਭੱਜਣ ’ਚ ਸਫਲ ਹੋ ਗਏ। ਉਨ੍ਹਾਂ ਵਾਹਨਾਂ ਨੂੰ ਲੋਕਾਂ ਨੇ ਕਬਜ਼ੇ ’ਚ ਲੈ ਲਿਆ ਤੇ ਬਾਅਦ ’ਚ ਪੁਲੀਸ ਦੇ ਸਪੁਰਦ ਕੀਤਾ। ਉਕਤ ਦੋਹਾਂ ਪਿੰਡਾਂ ਦੇ ‘ਆਪ’ ਵਲੰਟੀਅਰਾਂ ਅਤੇ ਮੋਹਤਬਰਾਂ ਨੇ ਸਵਖਤੇ ਸਾਢੇ ਚਾਰ ਵਜੇ ਇਹ ਹਿੰਮਤ ਦਿਖਾਈ। ਮਾਫੀਆ ਨਾਲ ਸਬੰਧਤ ਵਿਅਕਤੀਆਂ ਨੇ ਪ੍ਰਿਤਪਾਲ ਸਿੰਘ ਦੀ ਸਕੂਟਰੀ ’ਤੇ ਜੇਸੀਬੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤਰ੍ਹਾਂ ਡਰਾਉਣਾ ਚਾਹਿਆ ਪਰ ਲੋਕ ਡਟ ਗਏ, ਇਸ ਕਰ ਕੇ ਮੁਲਜ਼ਮਾਂ ਨੂੰ ਭੱਜਣਾ ਪਿਆ। ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਮੁਲਜ਼ਮ ਇਕ ਕਰੇਟਾ ਗੱਡੀ ’ਚ ਭੱਜੇ। ਮੌਕੇ ’ਤੇ ਪੁੱਜੇ ਵਿਧਾਇਕ ਮਾਣੂੰਕੇ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਾਫੀ ਸਮੇਂ ਤੱਕ ਕੋਈ ਨਾ ਪੁੱਜਿਆ, ਜਿਸ ’ਤੇ ਵਿਧਾਇਕਾ ਨੇ ਗੁੱਸਾ ਵੀ ਜ਼ਾਹਿਰ ਕੀਤਾ। ਉਨ੍ਹਾਂ ਨੇ ਖਣਨ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਫੋਨ ਕਰ ਕੇ ਰੇਤ ਮਾਫੀਏ ਦੇ ਲੋਕਾਂ ਦੇ ਨਾਲ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ।