ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 21 ਜੂਨ
ਨੇੜਲੇ ਪਿੰਡ ਬਹਿਲੋਲਪੁਰ ਵਿੱਚ ਜਵਾਈ ਗੁਰਦੀਪ ਸਿੰਘ ਵਾਸੀ ਪਿੰਡ ਰੋਸੜਾ, ਥਾਣਾ ਨੂਰਪੁਰ ਬੇਦੀ ਨੇ ਵੀਡੀਓ ਵਾਈਰਲ ਕਰਕੇ ਖ਼ੁਦਕੁਸ਼ੀ ਕਰ ਲਈ ਅਤੇ ਆਪਣੀ ਮੌਤ ਦਾ ਜ਼ਿੰਮੇਵਾਰ ਸਹੁਰੇ ਪਰਿਵਾਰ ਨੂੰ ਠਹਿਰਾਇਆ। ਮਾਛੀਵਾੜਾ ਪੁਲੀਸ ਨੇ ਸਹੁਰਾ ਸੋਹਣ ਸਿੰਘ, ਸੱਸ ਰਾਜਵਿੰਦਰ ਕੌਰ ਅਤੇ ਸਾਲੇ ਹਨੀ ਤੇ ਹਰਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ ਦਾ ਵਿਆਹ 2018 ’ਚ ਬਹਿਲੋਲਪੁਰ ਵਾਸੀ ਸੋਹਣ ਸਿੰਘ ਦੀ ਪੁੱਤਰੀ ਨਾਲ ਹੋਇਆ ਸੀ, ਜਿਨ੍ਹਾਂ ਤੋਂ ਉਨ੍ਹਾਂ ਦਾ ਲੜਕਾ ਪੈਦਾ ਹੋਇਆ। ਉਸ ਦੀ ਉਮਰ ਹੁਣ 3 ਸਾਲ ਹੈ। ਸਾਲ ਪਹਿਲਾਂ ਉਸ ਦੇ ਪੁੱਤਰ ਗੁਰਦੀਪ ਸਿੰਘ ਦਾ ਆਪਣੀ ਪਤਨੀ ਰਣਜੀਤ ਕੌਰ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ, ਜਿਸ ਕਾਰਨ ਉਸ ਦਾ ਪੋਤਾ ਆਪਣੀ ਮਾਂ ਨਾਲ ਬਹਿਲੋਲਪੁਰ ਪੇਕੇ ਘਰ ਵਿਖੇ ਰਹਿੰਦਾ ਸੀ। ਕਰੀਬ 2 ਮਹੀਨੇ ਪਹਿਲਾਂ ਰਣਜੀਤ ਕੌਰ ਕੈਨੇਡਾ ਚਲੀ ਗਈ, ਜਦਕਿ ਉਸ ਦਾ ਪੋਤਾ ਨਾਨਕੇ ਪਿੰਡ ਬਹਿਲੋਲਪੁਰ ਵਿਖੇ ਹੀ ਰਹਿ ਰਿਹਾ ਸੀ। ਤਲਾਕਨਾਮਾ ਲਿਖਣ ਸਮੇਂ ਪੰਚਾਇਤੀ ਤੌਰ ’ਤੇ ਇਹ ਗੱਲ ਤੈਅ ਹੋਈ ਸੀ ਕਿ ਗੁਰਦੀਪ ਸਿੰਘ ਅਤੇ ਸਾਰਾ ਦਾਦਕਾ ਪਰਿਵਾਰ ਆਪਣੇ ਪੋਤੇ ਨੂੰ ਨਾਨਕੇ ਪਿੰਡ ਆ ਕੇ ਮਿਲ ਸਕਦਾ ਹੈ। ਕਰੀਬ 10 ਦਿਨ ਪਹਿਲਾਂ ਵੀ ਗੁਰਦੀਪ ਆਪਣੇ ਲੜਕੇ ਨੂੰ ਮਿਲਣ ਆਇਆ, ਕਿਉਂਕਿ ਉਸਦੀ ਤਬੀਅਤ ਖ਼ਰਾਬ ਸੀ। ਉਸ ਤੋਂ ਬਾਅਦ 15 ਜੂਨ ਨੂੰ ਵੀ ਗੁਰਦੀਪ ਸਿੰਘ ਅਤੇ ਸਾਰਾ ਪਰਿਵਾਰ ਦਾ ਪਤਾ ਲੈਣ ਬਹਿਲੋਲਪੁਰ ਆਏ ਸੀ ਅਤੇ ਵਾਪਸ ਚਲੇ ਗਏ ਸੀ। 20 ਜੂਨ ਨੂੰ ਗੁਰਦੀਪ ਸਿੰਘ ਆਪਣੀ ਵਰਨਾ ਕਾਰ ’ਤੇ ਸਵਾਰ ਹੋ ਕੇ ਘਰੋਂ ਚਲਾ ਗਿਆ ਅਤੇ ਕਰੀਬ ਦੁਪਹਿਰ 12 ਵਜੇ ਉਸ ਨੇ ਆਪਣੇ ਫੋਨ ’ਤੇ ਛੋਟੇ ਭਰਾ ਗੁਰਪ੍ਰੀਤ ਸਿੰਘ ਨੂੰ ਵੱਟਸਐਪ ’ਤੇ ਵੀਡੀਓ ਭੇਜੀ, ਜਿਸ ਵਿਚ ਉਹ ਕਹਿ ਰਿਹਾ ਸੀ ਕਿ ਉਹ ਜਦੋਂ ਵੀ ਆਪਣੇ ਪੁੱਤਰ ਨੂੰ ਸਹੁਰੇ ਘਰ ਮਿਲਣ ਜਾਂਦਾ ਹਾਂ ਤਾਂ ਉੱਥੇ ਸਹੁਰਾ ਸੋਹਣ ਸਿੰਘ, ਸੱਸ ਰਾਜਵਿੰਦਰ ਕੌਰ ਅਤੇ ਸਾਲੇ ਹਨੀ ਤੇ ਹਰਸ਼ ਫੋਨ ਕਰਕੇ ਧਮਕੀਆਂ ਦਿੰਦੇ ਹਨ। ਸਹੁਰੇ ਨੇ ਉਸ ਦਾ ਧੱਕੇ ਨਾਲ ਤਲਾਕ ਕਰਵਾ ਦਿੱਤਾ,ਜਦ ਕਿ ਪਤਨੀ ਉਸ ਕੋਲ ਆਉਣਾ ਚਾਹੁੰਦੀ ਹੈ। ਇਸ ਲਈ ਮੌਤ ਦਾ ਜ਼ਿੰਮੇਵਾਰ ਸਹੁਰਾ ਪਰਿਵਾਰ ਹੋਵੇਗਾ। ਕੁਝ ਸਮੇਂ ਬਾਅਦ ਬਹਿਲੋਲਪੁਰ ਤੋਂ ਸੋਹਣ ਸਿੰਘ ਦਾ ਫੋਨ ਆਇਆ ਕਿ ਗੁਰਦੀਪ ਸਿੰਘ ਪਿੰਡ ਵਿਖੇ ਆਇਆ ਹੈ। ਜਦੋਂ ਉਹ ਪਿੰਡ ਬਹਿਲੋਲਪੁਰ ਪੁੱਜੇ ਤਾਂ ਉੱਥੇ ਗੁਰਦੀਪ ਸਿੰਘ ਜ਼ਮੀਨ ’ਤੇ ਡਿੱਗਿਆ ਪਿਆ ਸੀ ਤੇ ਉਸਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਉਸ ਨੂੰ ਚਮਕੌਰ ਸਾਹਿਬ ਦੇ ਹਸਪਤਾਲ ਲੈ ਕੇ ਗਏ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆ ਪੀਜੀਆਈ ਰੈਫ਼ਰ ਕਰ ਦਿੱਤਾ ਪਰ ਰਸਤੇ ’ਚ ਮੌਤ ਹੋ ਗਈ। ਗੁਰਦੀਪ ਸਿੰਘ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।