ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜਨਵਰੀ
ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਮੰਗਾਂ ਮੰਨ ਲਈਆ ਹਨ। ਸਿੱਖਿਆ ਮੰਤਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਆਪਣੀ ਨੌਕਰੀ ਬਚਾਉਣ ਖਾਤਰ ਦਿਨ ਰਾਤ ਦਾ ਪੱਕਾ ਮੋਰਚਾ ਲਾਈ ਬੈਠੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਆਖ਼ਰਕਾਰ 21 ਦਿਨਾਂ ਬਾਅਦ ਸੁਣੀ ਗਈ। ਪਿਛਲੇ ਚਾਰ ਦਿਨਾਂ ਵਿੱਚ ਵਰ੍ਹਦੇ ਮੀਂਹ ਵਿੱਚ ਵੀ ਡਟੇ ਰਹੇ ਪ੍ਰੋਫੈਸਰਾਂ ਦੀਆਂ ਜਾਇਜ਼ ਮੰਗਾਂ ਮੰਨਦੇ ਹੋਏ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ।
ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਨੇ ਕਿਹਾ ਕਿ ਪੱਤਰ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਨਵੀਂ ਭਰਤੀ ਹੋਣ ਉਪਰੰਤ ਵੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਆਪਣੇ ਮੌਜੂਦਾ ਸਟੇਸ਼ਨਾਂ ’ਤੇ ਪਹਿਲਾਂ ਵਾਲੀਆਂ ਸ਼ਰਤਾਂ ਤੇ ਨਿਯਮਾਂ ਅਨੁਸਾਰ ਕੰਮ ਕਰਦੇ ਰਹਿਣਗੇ। ਉਨ੍ਹਾਂ ਦੀਆਂ ਅਸਾਮੀਆਂ ਤੇ ਨਵੀਂ ਭਰਤੀ ਨਹੀਂ ਕੀਤੀ ਜਾਵੇਗੀ. ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਸਿੱਖਿਆ ਮੰਤਰੀ ਪਰਗਟ ਸਿੰਘ ਪੁਆਰ ਨੇ ਕਿਹਾ ਕਿ ਜਿਹੜੇ ਸਮੇਂ ਦਰਮਿਆਨ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਧਰਨੇ ਦੇ ਰਹੇ ਸਨ ਉਹਨਾਂ ਦੋ ਮਹੀਨਿਆਂ ਦੀ ਤਨਖਾਹ ਵੀ ਉਨ੍ਹਾਂ ਨੂੰ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਵਿਸ ਵਿਚ ਕੋਈ ਵੀ ਵਕਫਾ ਨਹੀਂ ਪਵੇਗਾ।