ਪ੍ਰਭੂ ਦਿਆਲ
ਸਿਰਸਾ, 21 ਜੂਨ
ਮੌਨਸੂਨ ਤੋਂ ਪਹਿਲਾਂ ਪਏ ਮੀਂਹ ਨਾਲ ਜਿਥੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਹੈ, ਉਥੇ ਹੀ ਮੀਂਹ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਵਿਕਾਸ ਦੇ ਨਾਂ ’ਤੇ ਕਰੋੜਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਮੀਂਹ ਦੇ ਪਾਣੀ ਦੇ ਨਿਕਾਸੀ ਦੇ ਹਾਲੇ ਕੋਈ ਪ੍ਰਬੰਧ ਨਹੀਂ ਹੋਇਆ। ਸ਼ਹਿਰ ਦੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵਿਕਾਸ ਕਾਰਜਾਂ ਲਈ ਥਾਂ ਥਾਂ ਤੋਂ ਪੁੱਟੀਆਂ ਸੜਕਾਂ ’ਤੇ ਕਈ ਵਾਹਨ ਫਸ ਗਏ, ਜਿਨ੍ਹਾਂ ਨੂੰ ਕਰੇਨਾਂ ਨਾਲ ਕੱਢਿਆ ਗਿਆ। ਲੰਘੀ ਰਾਤ ਮੀਂਹ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਇਆ ਹੈ। ਝੋਨੇ ਦੀ ਲੁਆਈ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਉਧਰ ਸ਼ਹਿਰੀ ਖੇਤਰ ਵਿੱਚ ਮੀਂਹ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤੇ ਨੀਵੇਂ ਇਲਾਕੇ ਵਿੱਚ ਪਾਣੀ ਭਰ ਗਏ।