ਪੱਤਰ ਪ੍ਰੇਰਕ
ਸਮਰਾਲਾ, 13 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਹੀਨਾਵਾਰ ਮੀਟਿੰਗ ਕੁੱਬੇ ਟੌਲ ਪਲਾਜ਼ਾ ’ਤੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ, ਪੰਜਾਬ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੀ ਗੱਲਬਾਤ ਦੌਰਾਨ ਜਥੇਬੰਦੀ ਦੀ ਇਹ ਮੰਗ ਪ੍ਰਮੁੱਖਤਾ ਨਾਲ ਮੰਨੀ ਸੀ ਕਿ, ਸਰਕਾਰ ਉਹ ਸਾਰੇ ਪਰਚੇ ਰੱਦ ਕਰੇਗੀ ਜੋ ਕਿਸਾਨ ਅੰਦੋਲਨ ਅਤੇ ਪਰਾਲੀ ਸਾੜਨ ਕਾਰਨ ਕਿਸਾਨਾਂ ਉੱਤੇ ਦਰਜ ਕੀਤੇ ਗਏ ਸਨ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦਰਜ ਹੋਏ ਪਰਚਿਆਂ ਦੀ ਜਾਣਕਾਰੀ ਜਥੇਬੰਦੀ ਤੱਕ ਜਲਦੀ ਪੁੱਜਦੀ ਕੀਤੀ ਜਾਵੇ ਤਾਂ ਜੋ ਸਰਕਾਰ ’ਤੇ ਦਬਾਅ ਬਣਾ ਕੇ ਇਹ ਸਾਰੇ ਪਰਚੇ ਤੁਰੰਤ ਰੱਦ ਕਰਵਾਏ ਜਾ ਸਕਣ। ਮੀਟਿੰਗ ਦੌਰਾਨ ਕਿਸਾਨ ਆਗੂ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਜੇਕਰ ਇਲਾਕੇ ਦੇ ਕਿਸੇ ਵੀ ਕਿਸਾਨ ਨਾਲ ਮੋਟਰ ਕੁਨੈਕਸ਼ਨ ਦੇਣ ਵੇਲੇ ਕੋਈ ਘਪਲੇਬਾਜ਼ੀ ਹੋਈ ਹੈ ਤਾਂ ਉਸ ਬਾਰੇ ਵੀ ਜਥੇਬੰਦੀ ਨੂੰ ਜਾਣੂ ਕਰਵਾਇਆ ਜਾਵੇ। ਇਸ ਮੌਕੇ ਆਪਣੇ ਸੰਬੋਧਨ ’ਚ ਕਿਸਾਨ ਆਗੂ ਗੁਰਦੀਪ ਸਿੰਘ ਬਰਮਾ ਨੇ ਕਿਹਾ ਕਿ ਲੰਪੀ ਸਕਿਨ ਦੀ ਬਿਮਾਰੀ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਣਕ ਦੇ ਘੱਟ ਨਿਕਲੇ ਝਾੜ ਕਰ ਕੇ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੁਣ ਝੋਨੇ ਤੇ ਚਾਈਨਾ ਵਾਇਰਸ ਦੀ ਨਵੀਂ ਬਿਮਾਰੀ ਲੱਗਣ ਕਾਰਨ ਕਿਸਾਨਾਂ ਨੂੰ ਹੋਰ ਵੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸੂਬੇ ਦਾ ਖੇਤੀਬਾੜੀ ਮਹਿਕਮਾ ਤੁਰੰਤ ਕਿਸਾਨਾਂ ਦੀ ਸਾਰ ਲਵੇ ਅਤੇ ਟੀਮਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਕੇ ਇਹ ਪਤਾ ਕਰਵਾਇਆ ਜਾਵੇ ਕਿ ਇਸ ਬਿਮਾਰੀ ਤੋਂ ਕਿਵੇਂ ਕਿਸਾਨਾਂ ਦਾ ਹੋਰ ਨੁਕਸਾਨ ਬਚਾਇਆ ਜਾ ਸਕਦਾ ਹੈ।
ਮੀਟਿੰਗ ਵਿੱਚ ਰਮਨਦੀਪ ਸਿੰਘ ਨੀਲੋਂ, ਗੁਰਦੀਪ ਸਿੰਘ ਮਿਲਕਵਾਰ, ਹਰਦੀਪ ਸਿੰਘ ਰਾਣਵਾ, ਸਵਰਨਜੀਤ ਸਿੰਘ ਘੁਲਾਲ, ਮਲਕੀਤ ਸਿੰਘ ਘੁਲਾਲ, ਟਹਿਲ ਸਿੰਘ ਬਿਜਲੀਪੁਰ, ਸੁਖਪਾਲ ਸਿੰਘ ਨੀਲੋਂ, ਸੁਖਚੈਨ ਸਿੰਘ, ਬਲਰਾਜ ਸਿੰਘ, ਰੰਮੀ ਦੋਰਾਹਾ, ਰਣਜੀਤ ਸਿੰਘ ਅਤੇ ਦਲਵੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਹੋਰ ਕਿਸਾਨ ਹਾਜ਼ਰ ਸਨ।