ਪੱਤਰ ਪ੍ਰੇਰਕ
ਸਮਰਾਲਾ, 5 ਮਾਰਚ
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਗੁਰਮੁੱਖ ਸਿੰਘ ਚਾਹਲ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਡਾਕਟਰ ਚਾਹਲ ਦੀ ਨਿਯੁਕਤੀ ਹਾਈ ਕਮਾਂਡ ਦੀ ਖਾਸ ਇਜਾਜ਼ਤ ਅਤੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਡਾਕਟਰ ਗੁਰਮੁੱਖ ਸਿੰਘ ਚਾਹਲ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਪਰਿਵਾਰ ਦੇ ਗੁਰਕੀਰਤ ਸਿੰਘ ਕੋਟਲੀ ਕੈਬਨਿਟ ਮੰਤਰੀ ਦੇ ਅਤਿ ਨਜ਼ਦੀਕੀ ਤੇ ਓਐੱਸਡੀ ਸਨ ਤੇ ਉਹ ਹਲਕਾ ਸਮਰਾਲਾ ਤੋ ਟਿਕਟ ਦੇ ਦਾਅਵੇਦਾਰ ਸਨ। ਕੁੱਲ ਹਿੰਦ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ , ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਯੂਥ ਕਾਂਗਰਸ ਦੇ ਕੋਟੇ ਵਿੱਚੋ ਕੱਢ ਕੇ ਡਾਕਟਰ ਗੁਰਮੁੱਖ ਸਿੰਘ ਚਾਹਲ ਨੂੰ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਹੋਣ ਦੇ ਨਾਲ ਨਾਲ ਉਹ ਆਪਣੇ ਪਿੰਡ ਰਤਨਹੇੜੀ ਦੇ ਸਰਪੰਚ ਵੀ ਹਨ। ਸ੍ਰੀ ਚਾਹਲ ਦੇ ਸੂਬਾ ਜਨਰਲ ਸਕੱਤਰ ਬਣਨ ’ਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।