ਵਡੋਦਰਾ, 19 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਪੂਰੀ ਦੁਨੀਆ ’ਚ ਅਮਨ ਕਾਇਮ ਕਰਨ ਅਤੇ ਕੌਮਾਂਤਰੀ ਵਿਵਾਦ ਸੁਲਝਾਉਣ ਦੇ ਯੋਗ ਬਣਾਉਣ।
ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ’ਚ ਕਰਵਾਈ ਗਈ ਯੂਥ ਕਾਨਕਲੇਵ ਨੂੰ ਆਨਲਾਈਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਕੋਲ ਆਪਣੀਆਂ ਪੁਰਾਣੀਆਂ ਕਦਰਾਂ-ਕੀਮਤਾਂ ਦੀ ਸੰਭਾਲ ਦੇ ਨਾਲ ਨਾਲ ਨਵੀਂ ਅਗਾਂਹਵਧੂ ਪਛਾਣ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਨੂੰ ਹਰ ਸਮੱਸਿਆ ਦਾ ਹੱਲ ਦੇ ਰਿਹਾ ਹੈ। ਉਨ੍ਹਾਂ ਕਿਹਾ, ‘ਕਰੋਨਾ ਮਹਾਮਾਰੀ ਦੇ ਦੌਰ ’ਚ ਦੁਨੀਆ ਨੂੰ ਟੀਕੇ ਤੇ ਦਵਾਈਆਂ ਦੀ ਸਪਲਾਈ, ਆਲਮੀ ਖੁਰਾਕ ਸਪਲਾਈ ਪ੍ਰਭਾਵਿਤ ਹੋਣ ਵਿਚਾਲੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਆਸ, ਆਲਮੀ ਗੜਬੜੀਆਂ ਤੇ ਵਿਵਾਦਾਂ ਦਰਮਿਆਨ ਦੇਸ਼ ਨੂੰ ਅਮਨ ਬਹਾਲੀ ਲਈ ਸਮਰੱਥ ਬਣਾਉਣ ਕਾਰਨ ਭਾਰਤ ਅੱਜ ਦੁਨੀਆ ਲਈ ਨਵੀਂ ਉਮੀਦ ਬਣ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆ ਵਾਤਾਵਰਨ ਤਬਦੀਲੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਅਜਿਹੇ ’ਚ ਭਾਰਤ ਆਪਣੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਰਾਹੀਂ ਸਥਿਰ ਜ਼ਿੰਦਗੀ ਜਿਊਣ ਦਾ ਢੰਗ ਸਿਖਾ ਰਿਹਾ ਹੈ। ਉਨ੍ਹਾਂ ਕਿਹਾ, ‘ਅਸੀਂ ਸਾਰੀ ਮਨੁੱਖਤਾ ਨੂੰ ਯੋਗ ਦਾ ਰਾਹ ਦਿਖਾਇਆ, ਅਸੀਂ ਉਨ੍ਹਾਂ ਨੂੰ ਆਯੁਰਵੇਦ ਦੀ ਤਾਕਤ ਦਿਖਾਈ। ਸਾਫਟਵੇਅਰ ਤੋਂ ਪੁਲਾੜ ਤੱਕ ਸਾਡਾ ਮੁਲਕ ਨਵੇਂ ਭਵਿੱਖ ਵਜੋਂ ਉਭਰਨ ਲਈ ਤਿਆਰ ਹੈ। ਭਾਰਜ ਅੱਜ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਗਿਆ ਹੈ ਅਤੇ ਇਹ ਸਭ ਦੇਸ਼ ਦੇ ਨੌਜਵਾਨਾਂ ਕਾਰਨ ਹੋ ਸਕਿਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਨਵੇਂ ਭਾਰਤ ਦੇ ਨਿਰਮਾਣ ਲਈ ਸਾਂਝੀਆਂ ਕੋਸ਼ਿਸ਼ਾਂ ਕਰੋ। ਇੱਕ ਨਵਾਂ ਭਾਰਤ ਜਿਸ ਦੀ ਨਵੀਂ ਪਛਾਣ ਹੋਵੇ, ਆਪਣੀਆਂ ਰਵਾਇਤਾਂ ਨੂੰ ਨਾਲ ਲੈ ਕੇ ਚੱਲੇ ਤੇ ਅਗਾਂਹਵਧੂ ਹੋਵੇ। ਇੱਕ ਅਜਿਹਾ ਭਾਰਤ ਜੋ ਨਵੀਂ ਸੋਚ ਤੇ ਸਦੀਆਂ ਪੁਰਾਣੀ ਸੰਸਕ੍ਰਿਤੀ, ਦੋਵਾਂ ਨੂੰ ਨਾਲ ਲੈ ਕੇ ਅੱਗੇ ਵਧੇ। ਪੂਰੀ ਮਨੁੱਖਤਾ ਨੂੰ ਦਿਸ਼ਾ ਦੇਵੇ। ਜਿੱਥੇ ਚੁਣੌਤੀਆਂ ਵੱਡੀਆਂ ਹਨ, ਭਾਰਤ ਉੱਥੇ ਉਮੀਦ ਬਣ ਰਿਹਾ ਹੈ ਅਤੇ ਜਿੱਥੇ ਸਮੱਸਿਆ ਵੱਡੀ ਹੈ, ਭਾਰਤ ਉੱਥੇ ਹੱਲ ਪੇਸ਼ ਕਰ ਰਿਹਾ ਹੈ।’ -ਪੀਟੀਆਈ