ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਫਰਵਰੀ
ਬਸਪਾ ਪੰਜਾਬ ਦੇ ਸੂਬਾਈ ਪ੍ਰਧਾਨ ਤੇ ਫਗਵਾੜਾ ਤੋਂ ਚੋਣ ਲੜ ਰਹੇ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ 8 ਫਰਵਰੀ ਨੂੰ ਨਵਾਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਬਸਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਰੈਲੀ ਕਰ ਕੇ ਪੰਜਾਬ ’ਚ ਚੋਣ ਪ੍ਰਚਾਰ ਸ਼ੁਰੂ ਕਰਨਗੇ। ਗੜ੍ਹੀ ਨੇ ਦੱਸਿਆ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਬਸਪਾ ਦੇ ਗੜ੍ਹ ਦੋਆਬਾ ਵਾਸੀਆਂ ਨੂੰ ਬਸਪਾ ਸੁਪਰੀਮੋ ਦੀ ਬੇਸਬਰੀ ਨਾਲ ਉਡੀਕ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਬਾਨੀ ਪ੍ਰਧਾਨ ਮਰਹੂਮ ਬਾਬੂ ਕਾਂਸ਼ੀ ਰਾਮ ਨੇ ਜਦੋਂ (1984) ਤੋਂ ਪਾਰਟੀ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਹੀ ਬਸਪਾ ਮੁਖੀ ਕੁਮਾਰੀ ਮਾਇਆਵਤੀ ਦਲਿਤਾਂ ਦੇ ਵੋਟ ਆਧਾਰ ’ਤੇ ਆਪਣੀ ਪਕੜ ਮੁੜ ਹਾਸਲ ਕਰਨ ਲਈ ਕੰਮ ਕਰ ਰਹੇ ਹਨ।