ਨਵੀਂ ਦਿੱਲੀ, 19 ਮਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬਰਿਕਸ ਸਮੂਹ ਦੀ ਡਿਜੀਟਲ ਮੀਟਿੰਗ ਦੌਰਾਨ ਅੱਜ ਕਿਹਾ ਕਿ ਯੂਕਰੇਨ ਜੰਗ ਕਾਰਨ ਊਰਜਾ, ਖੁਰਾਕ ਤੇ ਹੋਰ ਉਤਪਾਦਾਂ ਦੀ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਵਿਕਾਸਸ਼ੀਲ ਮੁਲਕਾਂ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਚੀਨ, ਰੂਸ ਤੇ ਦੋ ਹੋਰ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਹਾਜ਼ਰੀ ’ਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਬਰਿਕਸ ਨੇ ਵਾਰ-ਵਾਰ ਖੁਦਮੁਖਤਿਆਰ ਬਰਾਬਰੀ, ਖੇਤਰੀ ਅਖੰਡਤਾ ਤੇ ਕੌਮਾਂਤਰੀ ਕਾਨੂੰਨ ਦੇ ਸਨਮਾਨ ਦੀ ਪੈਰਵੀ ਕੀਤੀ ਹੈ ਅਤੇ ਸਮੂਹ ਨੂੰ ਇਨ੍ਹਾਂ ਪ੍ਰਤੀਬੱਧਤਾਵਾਂ ’ਤੇ ਖਰਾ ਉੱਤਰਨਾ ਚਾਹੀਦਾ ਹੈ। ਬਰਿਕਸ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਜ਼ੈਸ਼ੰਕਰ ਨੇ ਕਿਹਾ ਕਿ ਅਤਿਵਾਦੀ ਤੇ ਖਾਸ ਤੌਰ ’ਤੇ ਸਰਹੱਦ ਪਾਰੋਂ ਅਤਿਵਾਦ ਪ੍ਰਤੀ ਲਾਜ਼ਮੀ ਤੌਰ ’ਤੇ ਬਰਦਾਸ਼ਤ ਨਾ ਕਰਨ ਦਾ ਰੁਖ਼ ਅਪਣਾਇਆ ਜਾਣਾ ਚਾਹੀਦਾ ਹੈ। ਜੈਸ਼ੰਕਰ ਨੇ ਕਿਹਾ, ‘ਯੂਕਰੇਨ ਜੰਗ ਕਾਰਨ ਊਰਜਾ, ਖੁਰਾਕ ਤੇ ਹੋਰ ਉਤਪਾਦਾਂ ਦੀ ਲਾਗਤ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵਿਕਾਸਸ਼ੀਲ ਮੁਲਕਾਂ ਲਈ ਇਹ ਘੱਟ ਕੀਤਾ ਜਾਣਾ ਚਾਹੀਦਾ ਹੈ।’ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਸਥਿਰ ਵਿਕਾਸ ਦੇ ਟੀਚਿਆਂ ਦੀ ਦਿਸ਼ਾ ਵੱਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ। -ਪੀਟੀਆਈ