ਨਵੀਂ ਦਿੱਲੀ, 21 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਪੰਜਵੇਂ ਦਿਨ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਗਾਂਧੀ (52) ਅੱਜ ਆਪਣੇ ਸਕਿਉਰਿਟੀ ਐਸਕਾਰਟ ਸਮੇਤ ਸਵੇਰੇ 11.15 ’ਤੇ ਕੇਂਦਰੀ ਦਿੱਲੀ ਸਥਿਤ ਈਡੀ ਦੇ ਹੈੱਡਕੁਆਰਟਰ ਪੁੱਜੇ। ਰਾਹੁਲ ਗਾਂਧੀ ਤੋਂ ਅੱਜ ਕਰੀਬ 10 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਏਜੰਸੀ ਦੇ ਦਫ਼ਤਰ ਦੁਆਲੇ ਅੱਜ ਵੀ ਧਾਰਾ 144 ਲਾਈ ਗਈ ਸੀ ਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ।
ਕਾਂਗਰਸ ਦਾ ਸੰਸਦ ਮੈਂਬਰ ਪਿਛਲੀਆਂ ਚਾਰ ਪੇਸ਼ੀਆਂ ਵਿਚ ਈਡੀ ਦੇ ਦਫ਼ਤਰ ’ਚ ਕਰੀਬ 42 ਘੰਟੇ ਬਿਤਾ ਚੁੱਕਾ ਹੈ। ਉੱਥੇ ਕਾਂਗਰਸ ਆਗੂ ਤੋਂ ਕਈ ਸੈਸ਼ਨਾਂ ਵਿਚ ਸਵਾਲ ਪੁੱਛੇ ਗਏ ਹਨ ਤੇ ਮਨੀ ਲਾਂਡਰਿੰਗ ਐਕਟ ਤਹਿਤ ਬਿਆਨ ਦਰਜ ਹੋਏ ਹਨ। ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਰਾਹੁਲ ਗਾਂਧੀ ਤੋਂ ਪੁੱਛ-ਪੜਤਾਲ ਕੀਤੀ ਗਈ ਸੀ ਤੇ ਸੋਮਵਾਰ ਦੀ ਪੁੱਛ-ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਸੱਦਿਆ ਗਿਆ ਸੀ। ਇਸ ਦਾ ਮੰਤਵ ਬਿਆਨਾਂ ਨੂੰ ਦਰਜ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨਾ ਸੀ। ਗਾਂਧੀ ਸੋਮਵਾਰ ਅੱਧੀ ਰਾਤ ਤੋਂ ਬਾਅਦ ਏਜੰਸੀ ਦੇ ਦਫ਼ਤਰ ’ਚੋਂ ਗਏ। ਇਸ ਮਾਮਲੇ ਦੀ ਜਾਂਚ ਕਾਂਗਰਸ ਵੱਲੋਂ ਪ੍ਰਮੋਟ ਕੀਤੇ ਗਏ ‘ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ’ ਨਾਲ ਜੁੜੀ ਹੋਈ ਹੈ ਜੋ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਦੀ ਮਾਲਕ ਹੈ। ਸੂਤਰਾਂ ਮੁਤਾਬਕ ਈਡੀ ਨੇ ਰਾਹੁਲ ਤੋਂ ਯੰਗ ਇੰਡੀਅਨ ਦੀ ਸਥਾਪਨਾ, ਨੈਸ਼ਨਲ ਹੈਰਾਲਡ ਦੀ ਕਾਰਜਪ੍ਰਣਾਲੀ, ਇਸ ਧਿਰ ਵੱਲੋਂ ਅਖ਼ਬਾਰ ਦੇ ਪ੍ਰਕਾਸ਼ਕ ਐਸੋਸੀਏਟਡ ਜਰਨਲਸ ਲਿਮਟਿਡ (ਏਜੇਐਲ) ਨੂੰ ਦਿੱਤੇ ਗਏ ਕਰਜ਼ੇ ਅਤੇ ਮੀਡੀਆ ਹਾਊਸ ਵਿਚ ਅੰਦਰਖਾਤੇ ਹੋਏ ਲੈਣ-ਦੇਣ ਬਾਰੇ ਪੁੱਛ-ਪੜਤਾਲ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਏਜੰਸੀ ਵੱਲੋਂ 23 ਜੂਨ ਨੂੰ ਪੁੱਛ-ਪੜਤਾਲ ਲਈ ਸੱਦਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੋਨੀਆ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਸਨ ਤੇ ਉਨ੍ਹਾਂ ਨੂੰ ਸੋਮਵਾਰ ਛੁੱਟੀ ਮਿਲੀ ਸੀ। ਸੋਨੀਆ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਕਾਂਗਰਸ ਲਗਾਤਾਰ ਦੋਸ਼ ਲਾ ਰਹੀ ਹੈ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਇਸ ਸਾਰੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। -ਪੀਟੀਆਈ