ਨਵੀਂ ਦਿੱਲੀ, 23 ਜੁਲਾਈ
ਤ੍ਰਿਣਮੂਲ ਕਾਂਗਰਸ ਪਾਰਟੀ (ਟੀਐੱਮਸੀ) ਦੇ ਸੰਸਦ ਮੈਬਰਾਂ ਨੇ ਪਾਰਟੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਰਬਸੰਮਤੀ ਨਾਲ ਆਪਣੇ ਸੰਸਦੀ ਦਲ ਦੀ ਚੇਅਰਪਰਸਨ ਚੁਣਿਆ ਹੈ। ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ’ਚ ਇਹ ਐਲਾਨ ਕਰਦਿਆ ਕਿਹਾ ਕਿ ਮਮਤਾ ਬੈਨਰਜੀ ਲੰਬੇ ਤੋਂ ਟੀਐੱਮਸੀ ਸੰਸਦੀ ਦਲ ਪਿੱਛੇ ਮਾਰਗਦਰਸ਼ਕ ਰਹੇ ਹਨ। ਉਨ੍ਹਾਂ ਕਿਹਾ, ‘ਅਸੀਂ ਹਕੀਕਤ ਨੂੰ ਰਸਮੀ ਰੂਪ ਦੇ ਰਹੇ ਹਾਂ। ਸਾਡੀ ਚੇਅਰਪਰਸਨ ਸੱਤ ਵਾਰ ਸੰਸਦ ਮੈਂਬਰ ਰਹੀ ਹੈ। ਉਨ੍ਹਾਂ ਕੋਲ ਸੰਸਦੀ ਦਲ ਦਾ ਮਾਰਗਦਰਸ਼ਨ ਕਰਨ ਦਾ ਤਜਰਬਾ ਅਤੇ ਨਜ਼ਰੀਆ ਹੈ। ਉਹ ਪਹਿਲਾਂ ਵੀ ਸਾਡਾ ਮਾਰਗਦਰਸ਼ਨ ਕਰ ਰਹੀ ਸੀ।’ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੇ ਕਿਹਾ ਇਹ ਫ਼ੈਸਲਾ ਦੋਨੋਂ ਵਿਚਾਰਧਾਰਕ ਅਤੇ ਰਣਨੀਤਕ ਪੱਧਰਾਂ ’ਤੇ ਲਿਆ ਗਿਆ ਹੈ। ਓ’ਬ੍ਰਾਇਨ ਨੇ ਕਿਹਾ, ‘ਉਹ ਹਮੇਸ਼ਾ ਇੱਕ ਫੋਨ ਕਾਲ ਦੀ ਦੂਰੀ ’ਤੇ ਹੁੰਦੀ ਹੈ। ਅਸੀਂ ਹੋਰ ਜ਼ਿਆਦਾ ਮਜ਼ਬੂਤ ਮਹਿਸੂਸ ਕਰ ਰਹੇ ਹਾਂ।’ ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਸੰਸਦ ਮੈਂਬਰ ਨਹੀਂ ਹਨ। -ਪੀਟੀਆਈ