ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੁਲਾਈ
ਸਿਵਲ ਲਾਈਨਜ਼ ਸਥਿਤ ਕੁੰਦਨਪੁਰੀ ਇਲਾਕੇ ’ਚ ਰਹਿਣ ਵਾਲੀ ਨਾਬਾਲਿਗ ਕਾਜਲ ਦੀ ਮੌਤ ਤੋਂ ਬਾਅਦ ਤੀਜੇ ਦਿਨ ਵੀ ਪਰਿਵਾਰ ਵਾਲੇ ਲਾਸ਼ ਲੈਣ ਲਈ ਨਹੀਂ ਪੁੱਜੇ। ਹਾਲਾਂਕਿ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਲਾਸ਼ ਸਿਵਲ ਹਸਪਤਾਲ ’ਚ ਹੀ ਪਈ ਹੈ। ਪੁਲੀਸ ਅਧਿਕਾਰੀ ਪਰਿਵਾਰ ਵਾਲਿਆਂ ਨੂੰ ਮਨਾਉਣ ’ਚ ਲੱਗੇ ਹੋਏ ਹਨ, ਪਰ ਉਹ ਮੰਨਣ ਲਈ ਤਿਆਰ ਨਹੀਂ ਤੇ ਇੱਕ ਹੀ ਗੱਲ ’ਤੇ ਅੜ੍ਹੇ ਹੋਏ ਹਨ ਕਿ ਅਜੈ ਸ਼ਰਮਾ ਨੂੰ ਉਨ੍ਹਾਂ ਦੇ ਸਾਹਮਣੇ ਲਿਆਂਦਾ ਜਾਵੇ। ਪੂਰਾ ਦਿਨ ਅੱਜ ਸਿਵਲ ਹਸਪਤਾਲ ਦੀ ਮੋਰਚਰੀ ਨੂੰ ਪੁਲੀਸ ਨੇ ਪੁਲੀਸ ਛਾਉਣੀ ਵਿੱਚ ਤਬਦੀਲ ਕਰੀ ਰੱਖਿਆ। ਇਸ ਦੇ ਨਾਲ ਹੀ ਦੇਰ ਸ਼ਾਮ ਪਰਿਵਾਰ ਵਾਲਿਆਂ ਨੇ ਇੱਕ ਵਾਰ ਫਿਰ ਹੈਬੋਵਾਲ ਚੰਦਰ ਨਗਰ ਦੀ ਪੁਲੀ ’ਤੇ ਧਰਨਾ ਲਗਾ ਦਿੱਤਾ।
ਕਾਜਲ ਦੀ ਮੌਤ ਤੋਂ ਬਾਅਦ ਵੀ ਲਗਾਤਾਰ ਕਾਫ਼ੀ ਹੰਗਾਮਾ ਹੋਇਆ ਸੀ। ਜਿਸ ਦਿਨ ਕਾਜਲ ਦੀ ਮੌਤ ਹੋਈ ਸੀ, ਉਸ ਦਿਨ ਵੀ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ ਸੀ ਤਾਂ ਪੋਸਟਮਾਰਟਮ ਦੇ ਦਿਨ ਪਰਿਵਾਰ ਵਾਲੇ ਉਥੋਂ ਨਿਕਲ ਗਏ ਤੇ ਕਈ ਥਾਂ ਪ੍ਰਦਰਸ਼ਨ ਵੀ ਕੀਤਾ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਅਜੈ ਸ਼ਰਮਾ ਨੇ ਬੱਚੀ ਨਾਲ ਗਲਤ ਹਰਕਤਾਂ ਕੀਤੀਆਂ ਤੇ ਆਪਣਾ ਜੁਰਮ ਲੁਕਾਉਣ ਲਈ ਉਸ ਦਾ ਕਤਲ ਕਰ ਲਾਸ਼ ਲਟਕਾ ਕੇ ਖੁਦਕੁਸ਼ੀ ਬਣਾ ਦਿੱਤੀ। ਪਰਿਵਾਰ ਵਾਲਿਆਂ ਦੀ ਮੰਗ ’ਤੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਅਤੇ ਮੁਲਜ਼ਮ ਅਜੈ ਸ਼ਰਮਾ ਨੂੰ ਹਿਰਾਸਤ ’ਚ ਲੈ ਲਿਆ, ਪਰ ਉਸ ਤੋਂ ਬਾਅਦ ਵੀ ਪਰਿਵਾਰ ਵਾਲੇ ਬੱਚੀ ਦਾ ਸੰਸਕਾਰ ਕਰਨ ਤੋਂ ਮਨ੍ਹਾ ਕਰ ਰਹੇ ਹਨ। ਉਹ ਲਾਸ਼ ਲੈਣ ਲਈ ਨਹੀਂ ਆ ਰਹੇ।
ਅਜੈ ਦੇ ਪਰਿਵਾਰ ਵਾਲਿਆਂ ਨੇ ਲਾਏ ਗੰਭੀਰ ਦੋਸ਼
ਇਸ ਮਾਮਲੇ ’ਚ ਮੁਲਜ਼ਮ ਬਣਾਏ ਗਏ ਅਜੈ ਸ਼ਰਮਾ ਦੇ ਭਰਾ ਰਾਜ ਸ਼ਰਮਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੱਤਰਕਾਰ ਮਿਲਣੀ ਕਰਕੇ ਦੋਸ਼ ਲਾਇਆ ਅਜੈ ਸ਼ਰਮਾ ਨੂੰ ਇਸ ਮਾਮਲੇ ’ਚ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰੀਬ ਡੇਢ ਸਾਲ ਪਹਿਲਾਂ ਕਾਜਲ ਨੂੰ ਅਜੈ ਦੀ ਪਤਨੀ ਜੋ ਬਿਮਾਰ ਰਹਿੰਦੀ ਹੈ, ਉਸਦੀ ਦੇਖਭਾਲ ਲਈ ਰੱਖਿਆ ਗਿਆ ਸੀ, ਜੋ ਪਰਿਵਾਰ ਨਾਲ ਕਾਫੀ ਘੁਲਮਿਲ ਗਈ। ਰਾਜ ਸ਼ਰਮਾ ਨੇ ਦੋਸ਼ ਲਾਇਆ ਕਿ ਕਾਜਲ ਦੇ ਖੁਦਕੁਸ਼ੀ ਕਰਨ ਪਿੱਛੇ ਕੋਈ ਹੋਰ ਨਹੀਂ ਬਲਕਿ ਕਾਜਲ ਦੇ ਪਰਿਵਾਰ ਦਾ ਹੱਥ ਹੈ। ਪਰਿਵਾਰ ਵਾਲੇ ਕਾਜਲ ਵਿਆਹ ਲਈ ਲਗਾਤਾਰ ਦਬਾਅ ਬਣਾ ਰਹੇ ਸਨ ਪਰ ਉਹ ਇਸ ਵਿਆਹ ਲਈ ਰਾਜ਼ੀ ਨਹੀਂ ਸੀ। ਕਾਜਲ ਦਾ ਪਿਤਾ ਸ਼ਰਾਬ ਪੀਣ ਦੇ ਆਦੀ ਹੈ ਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ। ਜਿਸ ਤੋਂ ਦੁਖੀ ਕਾਜਲ ਕਹਿੰਦੀ ਸੀ ਕਿ ਉਹ ਜਾਂ ਤਾਂ ਖੁਦ ਮਰ ਜਾਵੇਗੀ ਜਾਂ ਫਿਰ ਪਿਤਾ ਨੂੰ ਮਾਰ ਦੇਵੇਗੀ, ਪਰ ਬਿਨਾਂਂ ਸਚਾਈ ਜਾਣੇ ਅਜੈ ਦੇ ਖਿਲਾਫ਼ ਕੇਸ ਦਰਜ ਕਰ ਉਸਨੂੰ ਹਿਰਾਸਤ ’ਚ ਲੈ ਲਿਆ ਗਿਆ। ਰਾਜ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ: ਏਡੀਸੀਪੀ
ਏਡੀਸੀਪੀ 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਰਿਵਾਰ ਵਾਲੇ ਹਾਲੇ ਅੰਤਿਮ ਸੰਸਕਾਰ ਲਈ ਮੰਨ ਨਹੀਂ ਰਹੇ ਹਨ, ਉਨ੍ਹਾਂ ਨੂੰ ਲਗਾਤਾਰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ। ਪਹਿਲਾਂ ਉਨ੍ਹਾਂ ਦੀ ਮੰਗ ਸੀ ਕਿ ਕੇਸ ਦਰਜ ਕੀਤਾ ਜਾਵੇ। ਫਿਰ ਮੰਗ ਕਰਨ ਲੱਗੇ ਕਿ ਪੋਸਟਮਾਰਟਮ ਰਿਪੋਰਟ ਉਨ੍ਹਾਂ ਨੂੰ ਦਿੱਤੀ ਜਾਵੇ। ਦੋਵੇ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਵੀ ਇਸ ਮਾਮਲੇ ’ਚ ਮੁਲਜ਼ਮ ਬਣਾਏ ਗਏ ਅਜੈ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ, ਪਰ ਹਾਲੇ ਵੀ ਉਹ ਸਿਰਫ਼ ਇਨਸਾਫ਼ ਦੀ ਗੱਲ ਕਰ ਰਹੇ ਹਨ। ਜਲਦੀ ਹੀ ਉਹ ਪਰਿਵਾਰ ਨੂੰ ਮਨਾ ਲੈਣਗੇ।