ਨਵੀਂ ਦਿੱਲੀ, 4 ਦਸੰਬਰ
ਵਾਤਾਵਰਨ ਦੀ ਸੁਰੱਖਿਆ ਲਈ ਕਾਗਜ਼ ਬਚਾਉਣ ਵਾਸਤੇ ਸੁਪਰੀਮ ਕੋਰਟ ਤੋਂ ਸੇਧ ਲੈਂਦਿਆਂ ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਹੁਣ ਲੰਮੀਆਂ ਪਟੀਸ਼ਨਾਂ ਦੀ ਥਾਂ ਏ4 ਸਾਈਜ਼ ਦੇ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਸਵੀਕਾਰ ਕਰਨ ਲੱਗੀਆਂ ਹਨ। ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੇ ਵਾਤਾਵਰਨ ਨਾਲ ਸਬੰਧਤ ਵੱਖ ਵੱਖ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਵਿੱਚ ਜੁਡੀਸ਼ਲ ਤੇ ਪ੍ਰਸ਼ਾਸਨਿਕ ਦੋਵਾਂ ਪੱਧਰਾਂ ’ਤੇ ਲੜੀਵਾਰ ਕਦਮ ਚੁੱਕਣ ਲਈ ਆਖਿਆ ਸੀ, ਤਾਂ ਕਿ ਹਜ਼ਾਰਾਂ ਰੁੱਖ਼ਾਂ ਤੇ ਪਾਣੀ ਬਚਾਇਆ ਜਾ ਸਕੇ। ਸਿਖਰਲੀ ਅਦਾਲਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਕੱਲੇ ਇਸੇ ਉਪਰਾਲੇ ਨਾਲ ਸਾਲਾਨਾ ਏ4 ਸਾਈਜ਼ ਦੀਆਂ ਡੇਢ ਕਰੋੜ ਦੇ ਕਰੀਬ ਸ਼ੀਟਾਂ ਬਚਣਗੀਆਂ। ਪੀਟੀਆਈ